15.6 C
Los Angeles
May 3, 2024
Sanjhi Khabar
Uncategorized

ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

PS Mitha
ਚੰਡੀਗੜ੍ਹ, 23 ਅਪ੍ਰੈਲ :- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਿੱਚ ਨਿਯਮਤ ਸਿਹਤ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਹੁਕਮਾਂ ਲਈ ਅਦਾਲਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਾਜ਼ਿਸ਼ ਤਹਿਤ ਜਾਣਬੁੱਝ ਕੇ ਇੰਸੁਲਿਨ ਨਹੀਂ ਦਿੱਤੀ ਜਾ ਰਹੀ ਸੀ।

ਮੰਗਲਵਾਰ ਨੂੰ ਪਾਰਟੀ ਹੈੱਡਕੁਆਟਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਸੀਂ ਅਦਾਲਤ ਦੇ ਸ਼ੁਕਰਗੁਜ਼ਾਰ ਹਾਂ ਕਿ ਅਦਾਲਤ ਦੇ ਹੁਕਮਾਂ ਸਦਕਾ ਅੱਜ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਦਿੱਤਾ ਗਿਆ।

ਨੀਲ ਗਰਗ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਬਣੀ ਹੈ, ਦੇਸ਼ ਨੂੰ ਲਗਾਤਾਰ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਇਕੱਲੀ ਪਾਰਟੀ ਪ੍ਰਣਾਲੀ ਲਾਗੂ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਦੇਸ਼ ਵਿੱਚ ਕੋਈ ਵਿਰੋਧੀ ਪਾਰਟੀ ਨਾ ਹੋਵੇ। ਇਸੇ ਲਈ ਵਿਰੋਧੀ ਪਾਰਟੀਆਂ ਅਤੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਿਨਾਂ ਕਿਸੇ ਸਬੂਤ ਦੇ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਜੋ ਉਹ ਲੋਕ ਸਭਾ ਚੋਣਾਂ ‘ਚ ਪ੍ਰਚਾਰ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ਼਼ ਇਸ ਲਈ ਜੇਲ੍ਹ ਵਿੱਚ ਡੱਕਿਆ ਗਿਆ ਹੈ, ਕਿਉਂਕਿ ਉਨ੍ਹਾਂ ਨੇ ਭਾਰਤ ਦੀ ਰਾਜਨੀਤੀ ਵਿੱਚ ਨਵੀਂ ਸੋਚ ਪੈਦਾ ਕੀਤੀ ਹੈ। ਉਹ ਸਿੱਖਿਆ ਅਤੇ ਸਿਹਤ ਦੀ ਗੱਲ ਕਰਦੇ ਸੀ। ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦੇ ਸੀ। ਉਹ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦੀ ਗੱਲ ਕਰਦੇ ਸੀ।
ਉਨ੍ਹਾਂ ਨੇ ਜਾਣਬੁੱਝ ਕੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਡੱਕਿਆ ਹੈ। ਜਦੋਂ ਕਿ ਸਤੇਂਦਰ ਜੈਨ ਨੇ ਦਿੱਲੀ ਵਿੱਚ ਸਿਹਤ ਕ੍ਰਾਂਤੀ ਲਿਆਂਦੀ ਅਤੇ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ। ਸਿੱਖਿਆ ਦੇ ਖੇਤਰ ਵਿੱਚ ਮਨੀਸ਼ ਸਿਸੋਦੀਆ ਦੇ ਕੰਮ ਦੀ ਅਮਰੀਕਾ ਵਿੱਚ ਵੀ ਚਰਚਾ ਹੈ। ਭਾਜਪਾ ਤੋਂ ਇਹ ਬਰਦਾਸ਼ਤ ਨਹੀਂ ਹੋਇਆ, ਇਸ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਦੇ ਪਿਛਲੇ ਡੇਢ ਸਾਲ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਖ਼ੁਦ ਕਿਹਾ ਹੈ ਕਿ ਈਡੀ ਕੋਲ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਸੰਜੇ ਸਿੰਘ ਨੂੰ ਸਿਰਫ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਖ਼ਿਲਾਫ਼ ਬੋਲਿਆ ਸੀ।

ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਏਜੰਸੀਆਂ ਪੀਐਮਓ ਦੇ ਇਸ਼ਾਰੇ ’ਤੇ ਕੰਮ ਕਰ ਰਹੀਆਂ ਹਨ। ਭਾਜਪਾ ਦੇ ਇਸ਼ਾਰੇ ‘ਤੇ ਈਡੀ ਨੇ ਅਰਵਿੰਦ ਕੇਜਰੀਵਾਲ ਦਾ ਜਾਅਲੀ ਡਾਈਟ ਚਾਰਟ ਜਾਰੀ ਕੀਤਾ।

ਜਦਕਿ ਸਭ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਲੰਬੇ ਸਮੇਂ ਤੋਂ ਸ਼ੂਗਰ ਦੇ ਮਰੀਜ਼ ਹਨ। ਇਸੇ ਲਈ ਉਨ੍ਹਾਂ ਨੂੰ ਇੰਸੁਲਿਨ ਦੀ ਲੋੜ ਹੈ, ਫਿਰ ਵੀ ਉਨ੍ਹਾਂ ਨੂੰ ਇਕ ਸਾਜ਼ਿਸ਼ ਦੇ ਤਹਿਤ ਇੰਸੁਲਿਨ ਨਹੀਂ ਦਿੱਤੀ ਜਾ ਰਹੀ ਸੀ। ਇਸ ਲਈ ਉਨ੍ਹਾਂ ਦਾ ਸ਼ੂਗਰ ਲੈਵਲ ਪਿਛਲੇ 10 ਦਿਨਾਂ ਤੋਂ ਬਹੁਤ ਜ਼ਿਆਦਾ ਸੀ ਅਤੇ ਇਹ ਸਾਰਾ ਕੰਮ ਭਾਜਪਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਇਸ਼ਾਰੇ ‘ਤੇ ਕੀਤਾ ਜਾ ਰਿਹਾ ਸੀ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਕਿ ਉਹ ਖੁਦ ਸੀਸੀਟੀਵੀ ਲਿੰਕ ਰਾਹੀਂ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਰਹੇ ਹਨ। ਇਹ ਬੇਹੱਦ ਗਲਤ ਅਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਲਕੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੇ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹੋਣਗੇ।

Related posts

ਐਸਐਸਪੀ ਦਫਤਰ ਅੱਗੇ ਰਾਜਾ ਵੜਿੰਗ ਦੇ ਪੀਏ ਖਿਲਾਫ ਰੋਸ ਪ੍ਰਦਰਸ਼ਨ

Sanjhi Khabar

ਆਪ’ਦੇ ਸੰਸਦ ਮੈਂਬਰਾਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ

Sanjhi Khabar

ਪੰਜਾਬ ਸਮੇਤ 5 ਰਾਜਾਂ ‘ਚ ਅੱਜ ਤੋਂ ਚੋਣ ਜ਼ਾਬਤਾ ਲਾਗੂ, 14 ਫਰਵਰੀ ਨੂੰ ਪੈਣਗੀਆਂ ਵੋਟਾਂ, 10 ਮਾਰਚ ਨੂੰ ਹੋਵੇਗੀ ਗਿਣਤੀ ਅਤੇ ਚੋਣ ਰੈਲੀਆਂ ‘ਤੇ ਮੁਕੰਮਲ ਪਾਬੰਦੀ

Sanjhi Khabar

Leave a Comment