15.7 C
Los Angeles
May 17, 2024
Sanjhi Khabar
Bathinda Crime News

ਬਠਿੰਡਾ ਪੁਲਿਸ ਨੇ ਅਸਲੇ ਸਮੇਤ ਦਬੋਚਿਆ ਖਤਰਨਾਕ ਬੋਡੋ ਅੱਤਵਾਦੀ

Ashok Verma

ਬਠਿੰਡਾ,12ਅਕਤੂਬਰ2021  :ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਨੇ ਅਸਾਮ ਦੇ ਬਕਸਾ ਜਿਲ੍ਹੇ ਨਾਲ ਸਬੰਧਤ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦੇ ਇੱਕ ਖਤਰਨਾਕ ਨਕਸਲੀ ਦਹਿਸ਼ਤਗਰਦ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੀ ਇਸ ਕਾਮਯਾਬੀ ਨੂੰ ਮੁੱਖ ਮੰਤਰੀ ਦੀ ਬਠਿੰਡਾ ਫੇਰੀ ਤੋਂ ਐਨ ਪਹਿਲਾਂ ਅਤੇ ਤਿਉਹਾਰਾਂ ਦੇ ਦਿਨਾਂ ਦੌਰਾਨ ਕਿਸੇ ਅਣਹੋਣੀ ਦੇ ਵਾਪਰਨ ਨੂੰ ਰੋਕਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਨਕਸਲੀ ਦੀ ਪਛਾਣ ਸੰਜੇ ਬਾਰੋ ਪੁੱਤਰ ਲਾਹਿਤ ਬਾਰੋ ਵਾਸੀ ਸਿਲਾਕੁਟੀ ਜਿਲ੍ਹਾ ਬਕਸਾ ਅਸਾਮ ਦੇ ਤੌਰ ਤੇ ਕੀਤੀ ਗਈ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ’ਚ ਸੰਜੇ ਬਾਰੋ ਅਤੇ ਅਮਰੀਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੋਟੀਆਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ।
ਪੁਲਿਸ ਹੁਣ ਸੰਜੇ ਬਾਰੋ ਦੇ ਸੰਪਰਕ ਸੂਤਰਾਂ ਦਾ ਖੁਰਾ ਖੋਜ ਤਲਾਸ਼ਣ ’ਚ ਜੁਟ ਗਈ ਹੈ। ਇਸੇ ਤਰਾਂ ਪੁਲਿਸ ਟੀਮਾਂ ਚੋਟੀਆਂ ਦੇ ਅਮਰੀਕ ਸਿੰਘ ਦੀ ਪੈੜ ਨੱਪਣ ’ਚ ਲੱਗ ਗਈਆਂ ਹਨ। ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਅਮਰੀਕ ਨੂੰ ਕਾਬੂ ਕਰਨ ਉਪਰੰਤ ਦਹਿਸ਼ਤਗਰਦੀ ਨਾਲ ਜੁੜੇ ਇਸ ਨੈਟਵਰਕ ਨਾਲ ਜੁੜੇ ਅਹਿਮ ਰਾਜ਼ ਸਾਹਮਣੇ ਆਉਣਗੇ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਸੰਜੇ ਬਾਰੋ ਦੇ ਕਬਜੇ ਵਿੱਚੋਂ ਕੁੱਝ ਸਥਾਨਕ ਲੋਕਾਂ ਦੇ ਲਿਖੇ ਹੋਏ ਨਾਮ ਅਤੇ ਪਤੇ ਮਿਲੇ ਹਨ ਜਿੰਨ੍ਹਾਂ ਬਾਰੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਬਾਰੋ ਅਤੇ ਅਮਰੀਕ ਸਿੰਘ ਦੋਵੇਂ ਬਠਿੰਡਾ ’ਚ ਪਲੰਬਰ ਵਜੋਂ ਕੰਮ ਕਰਦੇ ਸਨ। ਸੰਜੇ ਬਾਰੋ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਸ ਕੋਲੋ ਜੋ ਦੋ ਦੇਸੀ ਕੱਟੇ ਬਰਾਮਦ ਹੋਏ ਉਹ ਉਸ ਨੇ ਖੁਦ ਤਿਆਰ ਕੀਤੇ ਸਨ।
ਪੁਲਿਸ ਸੂਤਰਾਂ ਦੀ ਮੰਨੀਏਂ ਤਾਂ ਸੰਜੇ ਬਾਰੋ ਵੱਖ ਵੱਖ ਤਰਾਂ ਦੇ ਹਥਿਆਰ ਤਿਆਰ ਕਰਨ ਦਾ ਮਾਹਿਰ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰੀ ਮੌਕੇ ਸੰਜੇ ਇੱਕ ਰਾਈਫਲ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਪਰ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਸੂਤਰ ਦੱਸਦੇ ਹਨ ਕਿ ਸੰਜੇ ਬਾਰੋ ਕਿਸੇ ਵਕਤ ਅਸਾਮ ’ਚ ਖਤਰਨਾਕ ਅੱਤਵਾਦੀ ਦੇ ਤੌਰ ਤੇ ਜਾਣਿਆ ਜਾਂਦਾ ਸੀ। ਅਸਾਮ ਸਰਕਾਰ ਵੱਲੋਂ ਨਕਸਲੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਸੰਜੇ ਬਾਰੋ ਨੇ ਸਾਲ 2003 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਹੈ ਕਿ ਅਸਾਮ ਸਰਕਾਰ ਵੱਲੋਂ ਨਕਸਲੀ ਧਿਰਾਂ ਦੇ ਮੁੜ ਵਸੇਬੇ ’ਚ ਸਫਲ ਨਾਂ ਰਹਿਣ ਕਰਕੇ ਨਿਰਾਸ਼ ਹੋਇਆ ਸੰਜੇ ਬਾਰੋ ਫਿਰ ਤੋਂ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੋ ਗਿਆ ।
ਪਤਾ ਲੱਗਿਆ ਹੈ ਕਿ ਸੰਜੇ ਬਾਰੋ ਨੂੰ ਅਮਰੀਕ ਸਿੰਘ ਬਠਿੰਡਾ ਲਿਆਇਆ ਸੀ ਜਿੱਥੇ ਆਕੇ ਉਹ ਪਲੰਬਰ ਦੇ ਤੌਰ ਤੇ ਕੰਮ ਕਰਨ ਲੱਗ ਪਏ। ਡੀਐਸਪੀ ਸਿਟੀ ਬਠਿੰਡਾ ਆਸ਼ਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਸਾਮ ਦਾ ਇੱਕ ਬੋੜੋ ਅੱਤਵਾਦੀ ਥਾਣਾ ਸਿਵਲ ਲਾਈਨ ਇਲਾਕੇ ’ਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਕਰਕੇ ਸ਼ੱਕ ਦੇ ਅਧਾਰ ਤੇ ਰੋਕ ਲਿਆ ਅਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਮੋਬਾਇਲ ਦੀ ਜਾਂਚ ਕੀਤੀ ਤਾਂ ਉਸ ’ਚ ਅਸਾਮ ਦੇ ਇੱਕ ਅੱਤਵਾਦੀ ਗਰੁੱਪ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਸੰਜੇ ਬਾਰੋ ਨੇ ਮੁਢਲੀ ਪੁੱਛ ਪੜਤਾਲ ਦੌਰਾਨ ਬੋੜੋ ਦੇ ਮੋਸਟ ਵਾਂਟਡ ਅੱਤਵਾਦੀਆਂ ਨਾਲ ਸਬੰਧ ਹੋਣ ਦੀ ਗੱਲ ਕਬੂਲੀ ਹੈ।
ਪੁਲਿਸ ਪੁੱਛ ਪੜਤਾਲ ਦੌਰਾਨ ਸੰਜੇ ਬਾਰੋ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਆਤਮ ਸਮਰਪਣ ਉਪਰੰਤ ਉਸ ਨੇ ਪ੍ਰਾਈਵੇਟ ਤੌਰ ਤੇ ਸਕਿਉਰਟੀ ਪ੍ਰੋਵਾਈਡਰ ਦਾ ਕੰਮ ਕੀਤਾ ਸੀ ਜਿਸ ’ਚ ਸਫਲਤਾ ਨਹੀਂ ਮਿਲੀ ਸੀ। ਇਸ ਦੌਰਾਨ ਉਸ ਦਾ ਸੰਪਰਕ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਚੋਟੀਆਂ ਦੇ ਅਮਰੀਕ ਸਿੰਘ ਨਾਲ ਹੋ ਗਿਆ ਜੋ ਪਲੰਬਰ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਉਸ ਨੂੰ ਬਠਿੰਡਾ ਲੈ ਆਇਆ ਜਿੱਥੇ ਉਸ ਨੇ ਦੋ ਪਿਸਤੌਲ ਬਣਾ ਲਏ ਅਤੇ 12 ਬੋਰ ਦੀ ਰਾਈਫਲ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਸੰਜੇ ਬਾਰੋ ਹਥਿਆਰ ਬਨਾਉਣ ’ਚ ਕਾਫੀ ਮਾਹਿਰ ਹੈ ਅਤੇ ਇਸੇ ਮੁਹਾਰਤ ਦੇ ਸਿਰ ਤੇ ਉਹ ਅਸਾਮੀ ਅੱਤਵਾਦੀਆਂ ਦਾ ਚਹੇਤਾ ਬਣਿਆ ਸੀ।

ਅਮਰੀਕ ਦੀ ਗ੍ਰਿਫਤਾਰੀ ਲਈ ਯਤਨ
ਸੰਜੇ ਬਾਰੋ ਨੂੰ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਟੀਮਾਂ ਅਮਰੀਕ ਸਿੰਘ ਵਾਸੀ ਚੋਟੀਆਂ ਨੂੰ ਦਬੋਚਣ ’ਚ ਜੁਟ ਗਈਆਂ ਹਨ। ਪੁਲਿਸ ਨੂੰ ਉਮੀਦ ਹੈ ਕਿ ਅਮਰੀਕ ਦੀ ਗ੍ਰਿਫਤਾਰੀ ਉਪਰੰਤ ਉਨ੍ਹਾਂ ਦੀ ਅਗਲੀ ਯੋਜਨਾ ਬਾਰੇ ਸਾਫ ਹੋ ਸਕੇਗਾ । ਪੁਲਿਸ ਸੰਜੇ ਬਾਰੋ ਅਤੇ ਅਮਰੀਕ ਦੀ ਬਠਿੰਡਾ ’ਚ ਮੌਜੂਦਗੀ ਨੂੰ ਕਿਸੇ ਵੱਡੀ ਸਾਜਿਸ਼ ਨਾਲ ਜੋੜ ਕੇ ਦੇਖ ਰਹੀ ਹੈ। ਪੁਲਿਸ ਵੱਲੋਂ ਇਹ ਵੀ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਕਿਧਰੇ ਬਠਿੰਡਾ ’ਚ ਇੰਨ੍ਹਾਂ ਦੋ ਕੋਈ ਸਲੀਪਰ ਸੈਲ ਤਾਂ ਨਹੀਂ ਹਨ। ਤਿਉਹਾਰ ਸਿਰ ਤੇ ਹੋਣ, ਸ਼ਹਿਰ ’ਚ ਕਈ ਥਾਵਾਂ ਤੇ ਚੱਲ ਰਹੀ ਰਾਮ ਲੀਲ੍ਹਾ ਅਤੇ ਦੁਸ਼ਹਿਰੇ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਦੇਖਦਿਆਂ ਪੁਲਿਸ ਦੇ ਫਿਕਰ ਵਧੇ ਹੋਏ ਹਨ।

 

 

Related posts

ਪੰਜਾਬ ਪੁਲਿਸ ਵੱਲੋਂ ਬੇਅਦਬੀ ਮਾਮਲਿਆਂ ਦਾ ਬਦਲਾ ਲੈਣ ਲਈ ਕੀਤੀ ਡੇਰਾ ਪ੍ਰੇਮੀ ਦੀ ਹੱਤਿਆ ਸਬੰਧੀ ਕੇਸ ਵਿੱਚ ਸ਼ਾਮਲ ਦੋ ਖਾਲਿਸਤਾਨੀ ਕਾਰਕੁਨ ਗ੍ਰਿਫ਼ਤਾਰ

Sanjhi Khabar

ਸ਼ੇਅਰ ਬਾਜ਼ਾਰ ‘ਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ

Sanjhi Khabar

ਬੇਰਹਿਮ ਹੋਈ ਮੋਦੀ ਸਰਕਾਰ ਅੱਖਾਂ ਮੂਹਰੇ ਦਮ ਤੋੜ ਰਹੇ ਅੰਨਦਾਤਾ ਨੂੰ ਦੇਖਣਾ ਨਹੀਂ ਚਾਹੁੰਦੀ- ਭਗਵੰਤ ਮਾਨ

Sanjhi Khabar

Leave a Comment