17.8 C
Los Angeles
April 26, 2024
Sanjhi Khabar
Amritsar Religious

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ ਸਾਕੇ ਦੀ 100 ਸਾਲਾ ਸ਼ਤਾਬਦੀ ਦਾ ਮੁੱਖ ਸਮਾਗਮ

SAWINDER SINGH
ਅੰਮ੍ਰਿਤਸਰ, 30 ਅਕਤੂਬਰ । 100 ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਦਾ ਮੁੱਖ ਸਮਾਗਮ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਕਰਤ ਕੀਤੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਇਸ ਸ਼ਤਾਬਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦ ਕੌਮੀ ਅਕੀਦਿਆਂ ਨੂੰ ਪ੍ਰਣਾਏ ਹੋਏ ਸਨ, ਜਿਨ੍ਹਾਂ ਨੇ ਸਿੱਖ ਸੰਸਥਾਵਾਂ ਦੀ ਮਜਬੂਤੀ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਦੇਸ਼ ਵੰਡ ਮਗਰੋਂ ਸ੍ਰੀ ਪੰਜਾ ਸਾਹਿਬ ਸਮੇਤ ਬਹੁਤ ਸਾਰੇ ਗੁਰਧਾਮ ਪਾਕਿਸਤਾਨ ਵਿਚ ਰਹਿ ਗਏ, ਜਿਨ੍ਹਾਂ ਪ੍ਰਤੀ ਸਿੱਖ ਕੌਮ ਅੰਦਰ ਗਹਿਰਾ ਸਤਿਕਾਰ ਅਤੇ ਸ਼ਰਧਾ ਹੈ। ਇਨ੍ਹਾਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਮੌਕੇ ’ਤੇ ਵੀਜ਼ੇ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਗੁਰਧਾਮਾਂ ’ਤੇ ਆ ਕੇ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਸਿੱਖ ਦੋਹਾਂ ਦੇਸ਼ਾਂ ਦੇ ਸੁਖਾਵੇਂ ਸਬੰਧ ਲੋਚਦੇ ਹਨ, ਕਿਉਂਕਿ ਜਦੋਂ ਵੀ ਦੇਸ਼ਾਂ ਦੇ ਸਬੰਧਾਂ ’ਚ ਕੁੜੱਤਣ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਜਥਿਆਂ ਦੇ ਆਉਣ-ਜਾਣ ’ਤੇ ਪ੍ਰਭਾਵ ਪੈਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਥਿਆਂ ਰਾਹੀਂ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਚਲਦੀ ਰੇਲ ਸੇਵਾ ਦਾ ਵੀ ਬੀਤੇ ਸਮੇਂ ਤੋਂ ਬੰਦ ਹੋਣਾ ਠੀਕ ਨਹੀਂ ਹੈ। ਕਿਉਂਕਿ ਕਾਫਿਈਤੀ ਰੇਲ ਸੇਵਾ ਦੇ ਬੰਦ ਹੋਣ ਨਾਲ ਆਮ ਸ਼ਰਧਾਲੂਆਂ ’ਤੇ ਆਰਥਿਕ ਬੋਝ ਬਣਿਆ ਹੋਇਆ ਹੈ। ਉਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਅਰਸੇ ਤੋਂ ਚਲਦੀ ਰੇਲ ਸੇਵਾ ਮੁੜ ਬਹਾਲ ਕੀਤੀ ਜਾਵੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰਾਂ ਅਤੇ ਸੰਗਤ ਨੂੰ ਖਾਸ ਧਿਆਨ ਦੇਣ ਲਈ ਵੀ ਆਖਿਆ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਸ਼ਤਾਬਦੀ ਮੌਕੇ ਸਿੱਖ ਸੰਗਤਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਵੀ ਕੀਤੀ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਹ ਸੰਘਰਸ਼ਮਈ ਇਤਿਹਾਸ ਅਮੁੱਲਾ ਹੈ, ਜਿਸ ਨੂੰ ਸੰਗਤਾਂ ਯੁੱਗਾਂ ਤੱਕ ਯਾਦ ਰੱਖਣਗੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਅਤੇ ਇਤਿਹਾਸ ਕੌਮ ਲਈ ਪ੍ਰੇਰਣਾ ਸਰੋਤ ਹੁੰਦਾ ਹੈ। ਸਾਕਾ ਸ੍ਰੀ ਪੰਜਾ ਸਾਹਿਬ ਸਿੱਖੀ ਜਜਬੇ ਦੀ ਅਹਿਮ ਮਿਸਾਲ ਹੈ, ਜਿਸ ਨੇ ਆਪਣਾ ਪ੍ਰਭਾਵ ਹਮੇਸ਼ਾ ਬਣਾਈ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਕਰਮ ਸਿੰਘ ਤੇ ਸ਼ਹੀਦ ਭਾਈ ਪ੍ਰਤਾਪ ਸਿੰਘ ਸਮੇਤ ਸਿੱਖ ਸ਼ਹੀਦਾਂ ਦੀਆਂ 100 ਸਾਲ ਪਹਿਲਾਂ ਪਾਈਆਂ ਪੈੜਾਂ ਕੌਮ ਦੀ ਤਰਜ਼ਮਾਨੀ ਕਰਦੀਆਂ ਰਹਿਣਗੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪਾਕਿਸਤਾਨ ’ਚ ਰਹਿ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰਿਆਂ ਲਈ ਸਰਕਾਰਾਂ ਨੂੰ ਫਰਾਖਦਿਲੀ ਵਖਾਉਣੀ ਚਾਹੀਦੀ ਹੈ। ਉਨ੍ਹਾਂ ਹਾਜ਼ਰ ਓਕਾਫ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਰਧਾਲੂਆਂ ਨੂੰ ਵੀਜ਼ਿਆਂ ਸਮੇਂ ਆਉਂਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਸ਼ਤਾਬਦੀ ਮਨਾਉਣ ਸਮੇਂ ਸ਼੍ਰੋਮਣੀ ਕਮੇਟੀ ਦੇ ਕਈ ਅਹਿਮ ਵਿਅਕਤੀਆਂ ਦੇ ਵੀਜ਼ੇ ਕੱਟ ਦਿੱਤੇ ਗਏ, ਜਿਸ ਨਾਲ ਵੱਡੀ ਪ੍ਰੇਸ਼ਾਨੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਰਧਾਲੂਆਂ ਅਤੇ ਖਾਸਕਰ ਪ੍ਰਚਾਰਕ ਸ਼੍ਰੇਣੀ ਨੂੰ ਲੰਮੇ ਸਮੇਂ ਦੇ ਵੀਜ਼ਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ ’ਚ ਸਥਿਤ ਗੁਰਧਾਮਾਂ ਅੰਦਰ ਰਾਗੀ ਜਥੇ ਆਦਿ ਸਮੇਂ-ਸਮੇਂ ਹਾਜ਼ਰੀਆਂ ਭਰਦੇ ਰਹਿਣ। ਐਡਵੋਕੇਟ ਧਾਮੀ ਨੇ ਕਰਤਾਰਪੁਰ ਸਾਹਿਬ ਲੰਘੇ ਰਾਹੀਂ ਆਉਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਵੀ ਅਪੀਲ ਕੀਤੀ।

Related posts

ਕੌਮਾਂਤਰੀ ਸਰਹੱਦ ਨੇੜਿਓਂ 295 ਕਰੋੜ ਦੀ ਹੈਰੋਇਨ ਬਰਾਮਦ ,ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ, ਇਕ ਗ੍ਰਿਫ਼ਤਾਰ

Sanjhi Khabar

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰੰਧਾਵਾ ਦੀ ਚਿੱਠੀ ਤੋਂ ਭੜਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਪੰਥਕ ਮਸਲਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ

Sanjhi Khabar

Leave a Comment