17.2 C
Los Angeles
April 28, 2024
Sanjhi Khabar
Chandigarh Politics

ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ: ਸੁਖਜਿੰਦਰ ਸਿੰਘ ਰੰਧਾਵਾ

Sandeep Singh
ਚੰਡੀਗੜ੍ਹ, 13 ਜੂਨ -ਅਕਾਲੀ-ਬਸਪਾ ਗਠਜੋੜ ਨੂੰ ਮੌਕਾਪ੍ਰਸਤ ਤੇ ਬੇਮੇਲ ਗਰਦਾਨਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਗਠਜੋੜ ਵਿੱਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ ਸਗੋਂ ਇਹ ਸਿਰਫ਼ ਵੋਟਾਂ ਦੀ ਸਿਆਸਤ ਤੋਂ ਪ੍ਰੇਰਿਤ ਹੈ।
ਇੱਥੇ ਜਾਰੀ ਇਕ ਬਿਆਨ ਵਿੱਚ ਸ. ਰੰਧਾਵਾ ਨੇ ਸਵਾਲ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦੇ ਮੋਹਰੀ ਹੁਣ ਇਸ ਗਠਜੋੜ ਨੂੰ ਕੀ ਨਾਂ ਦੇਣਗੇ, ਜਿਹੜਾ ਸਿਰਫ਼ ਆਪਣਾ ਗਵਾਚਿਆ ਆਧਾਰ ਬਚਾਉਣ ਦੀ ਇਕ ਕਵਾਇਦ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਪੰਜਾਬ ਦੀ ਸਿਆਸਤ ਵਿੱਚ ਸਿਫ਼ਰ ਹੋ ਚੁੱਕਿਆ ਹੈ, ਜਿਸ ਵਿੱਚ ਜੇ ਕੋਈ ਹੋਰ ਚੀਜ਼ ਗੁਣਾਂ ਕੀਤੀ ਜਾਵੇ ਤਾਂ ਇਹ ਸਿਰਫ਼ ਜ਼ੀਰੋ ਹੀ ਰਹੇਗੀ।

ਸ. ਰੰਧਾਵਾ ਨੇ ਕਿਹਾ ਕਿ ਬੇਅਦਬੀ ਕਾਂਡ ਕਾਰਨ ਅਕਾਲੀ ਦਲ ਦੇ ਧਾਰਮਿਕ ਖ਼ਾਸੇ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ ਅਤੇ ਉਸ ਦੀ ਨੀਂਹ ਹੀ ਡਗਮਗਾ ਗਈ ਹੈ। ਹੁਣ ਇਸ ਕਮਜ਼ੋਰ ਹੋ ਚੁੱਕੀ ਨੀਂਹ ਉਤੇ ਗਠਜੋੜ ਦੀ ਇਮਾਰਤ ਤਾਮੀਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਕਾ ਕਲਚਰ ਨੇ ਵੀ ਟਕਸਾਲੀ ਆਗੂਆਂ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਹ ਸਿਰਫ਼ ਮੌਕਾਪ੍ਰਸਤਾਂ ਤੇ ਪਦਾਰਥਵਾਦੀਆਂ ਦਾ ਟੋਲਾ ਬਣ ਚੁੱਕਿਆ ਹੈ।

ਅਕਾਲੀ ਦਲ ਨੂੰ ਗੁਰੂ ਤੋਂ ਬੇਮੁੱਖ ਹੋ ਚੁੱਕੀ ਪਾਰਟੀ ਦੱਸਦਿਆਂ ਸ. ਰੰਧਾਵਾ ਨੇ ਕਿਹਾ ਕਿ ਪਹਿਲਾਂ ਤਾਂ ਇਸ ਪਾਰਟੀ ਦੇ ਮੱਥੇ ਉੱਤੇ ਬੇਅਦਬੀ ਦਾ ਕਲੰਕ ਲੱਗਿਆ ਅਤੇ ਹੁਣ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੀ ਡੁੱਬਦੀ ਕਿਸ਼ਤੀ ਨੂੰ ਬਸਪਾ ਪਾਰ ਨਹੀਂ ਲੰਘਾ ਸਕੇਗੀ, ਕਿਉਂਕਿ ਬਸਪਾ ਖ਼ੁਦ ਉੱਤਰ ਪ੍ਰਦੇਸ਼ ਵਿੱਚ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਹੈ।

ਪੰਜਾਬ ਦਾ ਧਾਰਮਿਕ ਨਿਰਪੱਖ ਤਾਣਾ-ਬਾਣਾ ਸਿਰਫ਼ ਕਾਂਗਰਸ ਵਰਗੀ ਧਰਮ ਨਿਰਪੱਖ ਪਾਰਟੀ ਦੇ ਹੱਥ ਵਿੱਚ ਸੁਰੱਖਿਅਤ ਹੋਣ ਦਾ ਦਾਅਵਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਾਂਗਰਸ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਉਨ੍ਹਾਂ ਅਕਾਲੀ ਦਲ ਤੇ ਬਸਪਾ ਵਿਚਾਲੇ ਹੋਈ ਸੀਟਾਂ ਦੀ ਵੰਡ ਉਤੇ ਵੀ ਉਂਗਲ ਚੁੱਕੀ, ਜਿਸ ਵਿੱਚ ਬਸਪਾ ਨੂੰ ਘੱਟ ਅਤੇ ਅਕਾਲੀ ਦਲ ਦੀਆਂ ਪੱਕੀ ਹਾਰ ਵਾਲ਼ੀਆਂ ਸੀਟਾਂ ਦੇ ਕੇ ਉਸ ਦੀ ਹੇਠੀ ਕੀਤੀ ਗਈ ਹੈ।
ਉਨ੍ਹਾਂ ਬਸਪਾ ਨੂੰ ਸਿਰਫ ਇੱਕੋ ਸਵਾਲ ਕੀਤਾ ਕਿ ਅਕਾਲੀਆਂ ਦੇ 10 ਸਾਲ ਦੇ ਕੁਸ਼ਾਸਨ, ਬੇਅਦਬੀ ਅਤੇ ਭਾਜਪਾ ਨਾਲ ਮਿਲ ਕੇ ਕਾਲੇ ਖੇਤੀ ਕਾਨੂੰਨ ਬਣਾਉਣ ਵਿੱਚ ਭਾਈਵਾਲ ਦੇ ਮੁੱਦੇ ਉਤੇ ਕੀ ਬਸਪਾ ਦਾ ਸਟੈਂਡ ਪਹਿਲਾਂ ਵਾਲਾ ਹੀ ਰਹੇਗਾ।

Related posts

PM ਮੋਦੀ ਨੇ ਅਫਗਾਨਿਸਤਾਨ ‘ਤੇ ਬਣਾਈ ਉੱਚ ਪੱਧਰੀ ਕਮੇਟੀ, NSA ਅਤੇ ਵਿਦੇਸ਼ ਮੰਤਰੀ ਹੋਣਗੇ ਸ਼ਾਮਿਲ

Sanjhi Khabar

ਹੁਣ ਜਨਤਾ ਤੈਅ ਕਰੇਗੀ ‘ਆਪ‘ ਦਾ ਮੁੱਖ ਮੰਤਰੀ ਚਿਹਰਾ, ਨੰਬਰ ਜਾਰੀ ਕਰਕੇ ਮੰਗੇ ਸੁਝਾਅ

Sanjhi Khabar

ਕੋਰੋਨਾ ਸੰਕਟ ਸਮੇਂ ਮਰੀਜ਼ਾਂ ਦੀ ਸਹਾਇਤਾ ਲਈ ਰਾਹੁਲ ਗਾਂਧੀ ਨੇ ਵਧਾਇਆ ਮਦਦ ਦਾ ਹੱਥ,

Sanjhi Khabar

Leave a Comment