14.7 C
Los Angeles
May 15, 2024
Sanjhi Khabar
Chandigarh

ਅਕਾਲੀ ਦਲ ‘ਚ ਜਾਣਾ ਮੇਰੀ ‘ਘਰ-ਵਾਪਸੀ’ ਨਹੀ ਬਲਕਿ ‘ਖੁਦਕੁਸ਼ੀ’ ਹੋਵੇਗੀ: ਬੱਬੀ ਬਾਦਲ

ਚੰਡੀਗੜ੍ਹ, 30 ਦਸੰਬਰ (ਸੰਦੀਪ ਸਿੰਘ) :

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਸਿਆਸੀ ਆਗੂਆਂ ਵਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਚਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਚੋਣਾਂ ਸਬੰਧੀ ਭਾਜਪਾ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕਈ ਟਕਸਾਲੀ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਹੋਈ। ਇਸ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਬੱਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸ ਜਾਣਾ ਉਹਨਾਂ ਦੀ ਘਰ ਵਾਪਸੀ ਨਹੀਂ ਸਗੋਂ  ‘ਖੁਦਕੁਸ਼ੀ’ ਹੋਵੇਗੀ। ਉਹਨਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਸਭ ਤੋਂ ਗਰਮ ਬਿਆਨ ਦੇ ਕੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਸੀ ਕਿ ਅਸੀਂ ਸਿੱਖ ਗੁਰੂਧਾਮਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਇਕ ਪਰਿਵਾਰ ਦੇ ਕਬਜ਼ੇ ਤੋਂ ਛੁਡਾਵਾਂਗੇ। ਇਹ ਹੈਰਾਨੀ ਦੀ ਗੱਲ ਹੈ ਕਿ ਉਹ ਬਿਨ੍ਹਾਂ ਸ਼ਰਤ ਉਹਨਾਂ ਵਿਚ ਹੀ ਜਾ ਰਲੇ।  ਬੱਬੀ ਬਾਦਲ ਨੇ ਕਿਹਾ ਕਿ ਉਹ ਅਪਣੇ ਬੇਟੇ ਦੀ ਸੀਟ ਪੱਕੀ ਕਰਨ ਲਈ ਅਜਿਹਾ ਕਰਨ ਲਈ ਮਜਬੂਰ ਹੋਏ। ਕਰਨੈਲ ਸਿੰਘ ਪੀਰਮੁਹੰਮਦ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਇੰਨਾ ਕਸੂਰ ਨਹੀਂ ਹੈ ਕਿਉਂਕਿ ਅਸੀਂ ਸਾਰੇ ਅਪਣੇ ਪਰਿਵਾਰਾਂ ਨੂੰ ਛੱਡ ਕੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਜੁੜੇ ਸਨ, ਸਾਨੂੰ ਉਮੀਦ ਸੀ ਕਿ ਉਹ ਸਾਡੀ ਪਿੱਠ ਨਹੀਂ ਲੱਗਣ ਦੇਣਗੇ। ਭਾਜਪਾ ਬਾਰੇ ਗੱਲ ਕਰਦਿਆਂ ਬੱਬੀ ਬਾਦਲ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਖਿਲਾਫ਼ ਅਪਣਾ ਸਟੈਂਡ ਸਪੱਸ਼ਟ ਰੱਖਿਆ ਅਤੇ ਜਦੋਂ ਤੱਕ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਅਸੀਂ ਉਦੋਂ ਤੱਕ ਭਾਜਪਾ ਦਾ ਵਿਰੋਧ ਕਰਦੇ ਰਹੇ। ਕਿਸਾਨਾਂ ਦਾ ਮਸਲਾ ਹੱਲ ਹੋਣ ਤੋਂ ਬਾਅਦ ਅਸੀਂ ਸੋਚਿਆ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ, ਜੇ ਕਈ ਸਾਲਾਂ ਤੋਂ ਲਟਕ ਰਹੇ ਪੰਜਾਬ ਦੇ ਮਸਲੇ ਹੱਲ ਹੋ ਜਾਣ ਤਾਂ ਭਾਜਪਾ ਨਾਲ ਜਾਣਾ ਕੋਈ ਘਾਟੇ ਦਾ ਸੌਦਾ ਨਹੀਂ। ਇਸ ਸਬੰਧੀ ਭਾਜਪਾ ਅੱਗੇ ਮੰਗਾਂ ਰੱਖੀਆਂ ਗਈਆਂ ਸਨ।  ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਭਾਜਪਾ ਅੱਗੇ ਸ਼ਹੀਦ ਕਿਸਾਨਾਂ ਲਈ ਮੁਆਵਜ਼ਾ ਅਤੇ ਉਹਨਾਂ ਨੂੰ ਸਤਿਕਾਰ ਦੇਣ ਦੀ ਮੰਗ ਵੀ ਰੱਖੀ ਹੈ। ਉਹਨਾਂ ਕਿਹਾ ਕਿ ਜੇਕਰ ਕਰਜ਼ਾ ਮਾਫ ਹੋ ਜਾਵੇ ਤਾਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਖਾਲਾ ਹੋ ਜਾਵੇਗਾ। ਬੱਬੀ ਬਾਦਲ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਸਰਕਾਰ ਪੰਜਾਬ ਵਿਚ ਇੰਡਸਟਰੀ ਲਗਾ ਦੇਵੇਗੀ ਤਾਂ ਸਾਡੇ ਨੌਜਵਾਨ ਵਿਦੇਸ਼ਾਂ ਵਿਚ ਨਹੀਂ ਜਾਣਗੇ।  ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਨੂੰ ਲੋੜ ਹੈ ਕਿ ਕੇਂਦਰ ਸਰਕਾਰ ਉਹਨਾਂ ਦੀ ਬਾਂਹ ਫੜੇ। ਪੰਜਾਬ ਦੀ ਖੁਸ਼ਹਾਲੀ ਲਈ ਇਹ ਬਹੁਤ ਜ਼ਰੂਰੀ ਹੈ। ਭਾਜਪਾ ਵੀ ਸਿੱਖਾਂ ਨਾਲ ਚੰਗੇ ਰਿਸ਼ਤੇ ਚਾਹੁੰਦੀ ਹੈ। ਬੱਬੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਰੱਖਣਾ ਭਾਜਪਾ ਦਾ ਫੈਸਲਾ ਹੈ, ਇਸ ਲਈ ਸਾਨੂੰ ਅਪਣੇ ਭਾਈਵਾਲਾਂ ਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਆਮ ਆਮਦੀ ਪਾਰਟੀ ਵੀ ਅਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ।   ਬੱਬੀ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਅਪਣੀ ਸਮਰੱਥਾ ਅਨੁਸਾਰ ਕੋਈ ਚੰਗਾ ਕੰਮ ਨਹੀਂ ਕੀਤਾ, ਉਹਨਾਂ ਕੋਲ ਤਾਕਤ ਸੀ ਉਹ ਕਈ ਵੱਡੇ ਕੰਮ ਕਰ ਸਕਦੇ ਸੀ। ਉਹਨਾਂ ਕਿਹਾ ਕਿ ਜੇਕਰ ਡਰੱਗ ਮਾਮਲੇ ਵਿਚ ਮਜੀਠੀਆ ਬੇਕਸੂਰ ਹੈ ਤਾਂ ਉਹਨਾਂ ਨੂੰ ਭੱਜਣਾ ਨਹੀਂ ਸੀ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਤੇ ਗਰੀਬ ਸਿੱਖ ਨੂੰ ਫੜਨਾ ਹੋਵੇ ਤਾਂ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਪਰ ਹੁਣ ਉਹ ਕਹਿ ਰਹੇ ਨੇ ਕਿ ਮਜੀਠੀਆ ਲਾਪਤਾ ਹੈ। ਉਹਨਾਂ ਦਾਅਵਾ ਕੀਤਾ ਕਿ ਭਾਜਪਾ ਵਲੋਂ ਪੰਜਾਬ ਲਈ ਵੱਡੇ ਫੈਸਲੇ ਲਏ ਜਾਣਗੇ ਅਤੇ ਇਹ ਪੰਜਾਬ ਦੇ ਹਿੱਤ ਵਿਚ ਹੋਣਗੇ। ਲੋਕਾਂ ਨੂੰ ਮਾਹੌਲ ਖ਼ਰਾਬ ਕਰਨ ਵਾਲੀਆਂ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ। ਬੱਬੀ ਬਾਦਲ ਨੇ ਸਹਿਮਤੀ ਪ੍ਰਗਟਾਈ ਕਿ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ।

Related posts

8 ਤਰ੍ਹਾਂ ਦੇ ਹੁੰਦੇ ਹਨ ਸਿਰਦਰਦ ਜੋ ਉਡਾ ਦੇਣਗੇ ਤੁਹਾਡੀ ਨੀਂਦ

Sanjhi Khabar

ਪੰਜਾਬ ਦੀ ਸਿਆਸਤ ਵਿੱਚ ਨਵੀਂ ਸਿਆਸੀ ਜਥੇਬੰਦੀ ‘ਕਿਰਤੀ ਕਿਸਾਨ ਸ਼ੇਰੇ-ਪੰਜਾਬ’ ਪਾਰਟੀ ਦਾ ਉਭਾਰ

Sanjhi Khabar

ਪ੍ਰਧਾਨ ਮੰਤਰੀ ਨੇ 1 ਅਪ੍ਰੈਲ ਨੂੰ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈਣ ਦਾ ਦਿੱਤਾ ਸੱਦਾ

Sanjhi Khabar

Leave a Comment