18.2 C
Los Angeles
May 21, 2024
Sanjhi Khabar
Bathinda Chandigarh Crime News Politics

ਮਨਪ੍ਰੀਤ ਬਾਦਲ ਵੱਲੋਂ ਵਿਜੀਲੈਂਸ ਦੀ ਗੇਂਦ ਸੀਬੀਆਈ ਦੇ ਪਾਲੇ ’ਚ ਰੋੜ੍ਹਨ ਦੀ ਕੋਸ਼ਿਸ਼

ਅਸ਼ੋਕ ਵਰਮਾ
ਬਠਿੰਡਾ, 31 ਅਕਤੂਬਰ2023: ਵਿਕਾਸ ਅਥਾਰਟੀ ਦੇ ਪਲਾਟ ਖਰੀਦ ਮਾਮਲੇ ’ਚ ਫਸੇ  ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ’ਚ ਪਲਾਟ ਖਰੀਦਣ ਦੀ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੀ ਥਾਂ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ। ਅਟਕਲਾਂ ਦੇ ਬਾਵਜੂਦ ਹਾਈਕੋਰਟ ਦੇ ਆਦੇਸ਼ਾਂ ’ਤੇ ਤਫਤੀਸ਼ ’ਚ ਸ਼ਾਮਲ ਹੋਣ ਲਈ ਬਠਿੰਡਾ ਵਿਜੀਲੈਂਸ ਦੇ ਦਫਤਰ ਪੁੱਜੇ ਮਨਪ੍ਰੀਤ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਕੇਂਦਰੀ ਜਾਂਚ ਏਜੰਸੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਸਕਦੀ ਹੈ। ਅੱਜ ਸਾਬਕਾ ਵਿੱਤ ਮੰਤਰੀ ਵਿਜੀਲੈਂਸ ਜਾਂਚ ’ਚ ਸ਼ਾਮਲ ਹੋਣ ਲਈ ਆਏ ਸਨ ਜਿੱਥੇ ਉਨ੍ਹਾਂ ਦੀ ਗ੍ਰਿਫਤਾਰੀ ਪਾਉਣ ਉਪਰੰਤ ਜ਼ਮਾਨ ਦੇ ਦਿੱਤੀ ਗਈ।
ਜਾਂਦੇ ਸਮੇਂ ਮਨਪ੍ਰੀਤ ਬਾਦਲ ਦੇ ਪਿੱਠ  ਦਰਦ ਤੋਂ ਰਾਹਤ ਵਾਲੀ ਬੈਲਟ ਬੰਨ੍ਹੀ ਹੋਈ ਸੀ ਤੇ ਉਹ  ਬਿਮਾਰਾਂ ਵਾਂਗ ਚੱਲ ਰਹੇ ਸਨ। ਇਸ ਦੇ ਉਲਟ ਪੇਸ਼ੀ ਭੁਗਤ ਕੇ ਵਾਪਿਸ ਆਉਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ ਦਾ ਹਾਵ ਭਾਵ ਕਾਫੀ ਹੱਦ ਤੱਕ ਬਦਲਿਆ ਹੋਇਆ ਸੀ ਅਤੇ ਉਹ ਹੌਂਸਲੇ ’ਚ ਦਿਖਾਈ ਦਿੱਤੇ। ਲੰਬਾ ਸਮਾਂ ਚੱਲੀ ਇਸ ਪੁੱਛ ਪੜਤਾਲ ਮਗਰੋਂ ਬਾਹਰ ਆਏ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਜੀਲੈਂਸ ਵੱਲੋਂ ਬੁਲਾਉਣ ਦਾ ਉਹ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਵਾਲਿਆਂ ਅਤੇ ਸਿਆਸੀ ਆਗੂਆਂ ਦਾ ਹਿਸਾਬ ਜ਼ਰੂਰ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਿਸੇ ’ਤੇ ਪਰਚਾ ਦਰਜ਼ ਕਰ ਦੇਣਾ ਉਸ ਨੂੰ ਦੋਸ਼ੀ ਸਾਬਿਤ ਨਹੀਂ ਕਰਦਾ ਬਲਕਿ ਇਸ ਲਈ ਕਾਨੂੰਨ ਦੇ ਤਕਾਜ਼ੇ ਵੀ ਪੂਰੇ ਕਰਨੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਲਕ ਦੀ ਨਿਆਂ ਪ੍ਰਣਾਲੀ ਤੇ ਪੂਰਨ ਭਰੋਸਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿਜੀਲੈਂਸ  ਸਰਕਾਰ ਦੀ ਜੇਬ ਦੀ ਘੜੀ ਹੈ, ਇਸ ਲਈ ਵਿਜੀਲੈਂਸ ਉਹ ਕਰੇਗੀ ਜਿਸ ਲਈ ਚਾਬੀ ਸਰਕਾਰ ਵੱਲੋਂ ਭਰੀ ਜਾਣੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ’ਚ ਵਿਜੀਲੈਂਸ ਤੋਂ ਨਿਆਂ ਦੀ ਕੋਈ ਉਮੀਦ ਨਹੀਂ ਇਸ ਲਈ ਇਹ ਮਾਮਲਾ  ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਵਿਜੀਲੈਂਸ ਉਨ੍ਹਾਂ ਨੂੰ ਸੌ ਵਾਰ ਬੁਲਾਏ ਤਾਂ ਵੀ ਉਹ ਤਫਤੀਸ਼ ’ਚ ਸ਼ਾਮਲ ਹੋਣ ਲਈ ਤਿਆਰ ਹਨ।  ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਵਿਜੀਲੈਂਸ ਨੇਂ ਉਨ੍ਹਾਂ ਤੋਂ ਕੁੱਝ ਦਸਤਾਵੇਜ਼ ਮੰਗੇ ਸਨ ਜੋ ਉਨ੍ਹਾਂ ਕੋਲ ਨਾਂ ਹੋਣ ਕਰਕੇ ਉਹ ਅਗਲੀ ਪੇਸ਼ੀ ਤੇ ਸੌਂਪਣ ਬਾਰੇ ਕਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਸੰਮਨ ਕੀਤੇ ਗਏ ਸੀ ਤਾਂ ਉਹ ਪਿੱਠ ਦਰਦ ਕਾਰਨ ਪੀਜੀਆਈ ’ਚੋਂ ਇਲਾਜ ਚਲਦਾ ਹੋਣ ਦੀ ਗੱਲ ਕਹਿ ਕੇ ਪੇਸ਼ ਨਹੀਂ ਹੋਏ ਸੀ। ਹੁਣ ਵੀ ਅੰਦਾਜੇ ਲਗਾਏ ਜਾ ਰਹੇ ਸਨ ਕਿ ਉਹ ਸ਼ਾਇਦ ਪੇਸ਼ ਨਾ ਹੋਣ ਕਿਉਂਕਿ ਕੱਲ੍ਹ ਦੇਰ ਰਾਤ ਤੱਕ ਉਹਨਾਂ ਦੇ ਵਕੀਲ  ਸੁਖਦੀਪ ਸਿੰਘ ਭਿੰਡਰ ਨੇ ਇਸ ਸਬੰਧ ਵਿੱਚ ਨਾਂ ਕੋਈ ਜਾਣਕਾਰੀ ਸਾਂਝੀ ਕੀਤੀ ਤੇ ਨਾਂਹੀ ਇਸ਼ਾਰਾ ਕੀਤਾ ਸੀ। ਇਸ ਕਰਕੇ ਇਸ ਪੇਸ਼ੀ ਨੂੰ ਲੈਕੇ ਭੰਬਲਭੂਸਾ ਬਣਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਬੀਤੀ 24 ਸਤੰਬਰ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ, ਕਾਰੋਬਾਰੀ ਰਾਜੀਵ ਕੁਮਾਰ ਵਿਕਾਸ ਕੁਮਾਰ ਅਤੇ ਸ਼ਰਾਬ ਦੇ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿਘੰ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੀਤਾ ਸੀ। ਇਸ ਮਾਮਲੇ ਦੀ ਸ਼ਕਾਇਤ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਕੀਤੀ ਗਈ ਸੀ।
ਵਿਜੀਲੈਂਸ ਕੇਸ ਅਨੁਸਾਰ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਵਿੱਤ ਮੰਤਰੀ ਹੁੰਦਿਆਂ ਆਪਣਾ ਪ੍ਰਭਾਵ ਵਰਤਦਿਆਂ ਸਾਲ 2021 ਵਿੱਚ ਸ਼ਹਿਰ ਦੇ ਮਾਡਲ ਟਾਊਨ ਖੇਤਰ ’ਚ 1560 ਗਜ਼ ਦੇ ਦੋ ਪਲਾਟ ਖ਼ਰੀਦੇ ਸਨ। ਇਸ ਕੇਸ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਵਿਜੀਲੈਂਸ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂਕਿ ਬਠਿੰਡਾ ਵਿਕਾਸ ਅਥਾਰਿਟੀ (ਬੀਡੀਏ) ਦੇ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ਼ ਕਾਲੀਆ  ਨੇ ਬਠਿੰਡਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਜੋ ਰੱਦ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ’ਚ ਨਾਮਜਦ ਮੁਲਜਮਾਂ ਕੋਲੋਂ ਪੁੱਛਗਿੱਛ ਦੌਰਾਨ ਵਿਜੀਲੈਂਸ ਦੇ ਹੱਥ ਕਈ ਅਹਿਮ ਤੱਥ ਲੱਗੇ ਹਨ, ਜਿਸ ਕਰ ਕੇ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ।
ਅਦਾਲਤੀ ਹੁਕਮਾਂ ਦੀ ਪਾਲਣਾ:ਡੀਐਸਪੀ
ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਮੈਡੀਕਲ ਤੌਰ ਤੇ ਫਿੱਟ ਨਾ ਹੋਣ ਦੇ ਬਾਵਜੂਦ ਜਾਂਚ ’ਚ ਸ਼ਾਮਿਲ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਾਂਚ ਦੇ ਨਾਲ-ਨਾਲ ਰਸਮੀ ਗ੍ਰਿਫ਼ਤਾਰੀ ਪਾ ਕੇ ਉਨ੍ਹਾਂ ਨੂੰ ਜ਼ਮਾਨਤ ਦਿੰਦਿਆਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਫੀ ਸਵਾਲ ਜਵਾਬ ਕੀਤੇ ਗਏ ਅਤੇ ਜੋ ਦਸਤਾਵੇਜ ਅੱਜ ਉਨ੍ਹਾਂ ਕੋਲ ਨਹੀਂ ਸੀ ਉਹ ਅਗਲੀ ਵਾਰ ਬੁਲਾਏ ਜਾਣ ’ਤੇ ਸੌਂਪਣ ਲਈ ਕਿਹਾ ਗਿਆ ਹੈ ਤੇ ਸੀਨੀਅਰ ਅਫਸਰਾਂ ਨਾਲ ਸਲਾਹ ਕਰਕੇ ਅਗਲੀ ਤਾਰੀਖ ਤੈਅ ਕੀਤੀ ਜਾਵੇਗੀ। ਡੀਐਸਪੀਨੇ ਜਾਂਚ ਦਾ ਵਿਸ਼ਾ ਹੋਣ ਕਰਕੇ ਹੋਰ ਜ਼ਿਆਦਾ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।          

Related posts

ਕਿਰਤੀ ਕਿਸਾਨ ਯੂਨੀਅਨ ਵੱਲੋਂ ਚੋਣਾਂ ਨਾ ਲੜਨ ਦਾ ਐਲਾਨ, ਸੰਯੁਕਤ ਸਮਾਜ ਮੋਰਚੇ ਨੂੰ ਵਪਾਸੀ ਦੀ ਅਪੀਲ

Sanjhi Khabar

ਬਠਿੰਡਾ ’ਚ ਮੁਸਲਿਮ ਭਾਈਚਾਰੇ ਨੇ ਧੂੰਮ ਧਾਮ ਨਾਲ ਮਨਾਇਆ ਬਕਰੀਦ ਦਾ ਤਿਓਹਾਰ

Sanjhi Khabar

60 ਲੋਕਾਂ ਵੱਲੋਂ ਖੁਦਕੁਸ਼ੀ! ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਪਰਦਾਫ਼ਾਸ਼, ਹੁਣ ਤੱਕ ਕਈ ਗ੍ਰਿਫਤਾਰ

Sanjhi Khabar

Leave a Comment