21.9 C
Los Angeles
April 29, 2024
Sanjhi Khabar
Mansa Politics ਪੰਜਾਬ

ਵਿਰੋਧੀਆਂ ਨੇ ‘ਸਿਆਸੀ ਤੂੰਬੀ’ ਤੇ ਕੱਢੀਆਂ ਸਿੱਧੂ ਮੂਸੇਵਾਲਾ ਖਿਲਾਫ ਤਰਜ਼ਾਂ

Ashok Verma

ਬਠਿੰਡਾ/ਮਾਨਸਾ,5 ਜਨਵਰੀ 2021: ਆਪਣੇ ਗੀਤਾਂ ਆਦਿ ਕਾਰਨ ਅਕਸਰ ਚਰਚਾ ’ਚ ਰਹਿਣ ਵਾਲੇ ਗਾਇਕ ‘ਸਿੱਧੂ ਮੂਸੇਵਾਲਾ’ ਖਿਲਾਫ ਹੁਣ ਮਾਨਸਾ ਜਿਲ੍ਹੇ ਦੇ ਇੱਕ ਹੋਰ ਮੁਕਾਮੀ ਲੀਡਰ ਨੇ ਝੰਡਾ ਚੁੱਕ ਲਿਆ ਹੈ। ਗਾਗੋਵਾਲ ਪ੍ਰੀਵਾਰ ਵੱਲੋਂ ਮੂਸੇਵਾਲਾ ਦੀ ਮੁਖਾਲਤ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਨੌਜਵਾਨ ਆਗੂ ਚੂਸ਼ਪਿੰਦਰ ਸਿੰਘ ਚਹਿਲ ਨੇ ਵੱਡੀ ਸਿਆਸੀ ਰੈਲੀ ਕਰਕੇ ਆਪਣੀ ਤਾਕਤ ਦਾ ਵਿਖਾਵਾ ਕੀਤਾ। ਮਾਨਸਾ ਦੀ ਅਨਾਜ ਮੰਡੀ ਵਿੱਚ ਇਸ ਰੈਲੀ ’ਚ ਬਾਰਸ਼ ਦੇ ਬਾਵਜੂਦ ਆਮ ਲੋਕਾਂ ਦਾ ਵੱਡਾ ਹਜੂਮ ਜੁੜਿਆ ਜਿਸ ਨੇ ਹਲਕੇ ਦਾ ਉਮੀਦਵਾਰ ਬਨਾਉਣ ਸਬੰਧੀ ਅਵਾਜ ਬੁਲੰਦ ਕੀਤੀ ਅਤੇ ਪੈਰਾਸ਼ੂਟੀ ਲੀਡਰ ਨੂੰ ਸਬਕ ਸਿਖਾਉਣ ਦੀ ਗੱਲ ਆਖੀ। ਰੈਲੀ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਪੁੱਜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਤਾਂ ਹਾਈਕਮਾਂਡ ਨੂੰ ਹਕੀਕਤ ਪਛਾਨਣ ਦੀ ਨਸੀਹਤ ਤੱਕ ਦੇ ਦਿੱਤੀ। ਇਸ ਯੂਥ ਆਗੂ ਦੀ ਸਿੱਧੂ ਮੂਸੇਵਾਲਾ ਖਿਲਾਫ ਵੀ ਸੁਰ ਤਿੱਖੀ ਰਹੀ ਅਤੇ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਬਨਾਉਣ ਨੂੰ ਟਿਕਟ ਦੇ ਅਸਲੀ ਹੱਕਦਾਰ ਨੌਜਵਾਨਾਂ ਦੇ ਹੱਕਾਂ ਤੇ ਡਾਕਾ ਕਰਾਰ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਨਾਉਣ ਤੋਂ ਪਹਿਲਾਂ ਪਾਰਟੀ ਗੰਭੀਰਤਾ ਨਾਲ ਵਿਚਾਰ ਕਰੇ ਕਿ ਜਮੀਨੀ ਤੌਰ ਤੇ ਕਿਹੜਾ ਵਿਅਕਤੀ ਲੋਕਾਂ ਨਾਲ ਜੁੜਿਆ ਹੋਇਆ ਹੈ। ਢਿੱਲੋਂ ਨੇ ਕਿਹਾ ਕਿ ਪਾਰਟੀ ਵਿੱਚ ਆਉਣਾ ਇੱਕ ਕਲਾਕਾਰ ਲਈ ਚੰਗੀ ਗੱਲ ਹੈ, ਪਰ ਉਸ ਨੂੰ ਟਿਕਟ ਦੇ ਕੇ ਕਿਧਰੇ ਪਾਰਟੀ ਸੰਨੀ ਦਿਉਲ ਵਾਲਾ ਹਾਲ ਕਰਵਾ ਬੈਠੇ ਅਤੇ ਲੋਕਾਂ ਦੀਆਂ ਨਜਰਾਂ ਵਿੱਚ ਡਿੱਗ ਪਵੇ। ਉਨ੍ਹਾਂ ਕਿਹਾ ਕਿ ਗਲੈਮਰ ਸਹਾਰੇ ਚੋਣ ਜਿੱਤਣ ਵਾਲੇ ਸੰਨੀ ਦਿਉਲ ਨੇ ਵੀ ਲੋਕਾਂ ਦੀ ਮੁੜ ਕੇ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਲੋਕ ਨੂੰ ਰਾਤੋ ਰਾਤ ਪਾਰਟੀ ਵਿੱਚ ਆਏ ਕਿਸੇ ਕਲਾਕਾਰ ਨੂੰ ਸਵੀਕਾਰ ਕਰਨਗੇ ਅਤੇ ਉਨ੍ਹਾਂ ਨੂੰ ਵੀ ਇਹ ਪ੍ਰਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਾਰਨ ਹੀ ਵਿਧਾਨ ਸਭਾ ਹਲਕਾ ਮਾਨਸਾ ਲਈ ਕਾਂਗਰਸ ਦੀ ਟਿਕਟ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ। ਢਿੱਲੋਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਲੋਕਾਂ ਨੂੰ ਆਪਣੇ ਦੁੱਖ ਤਕਲੀਫਾਂ ’ਚ ਬਰਾਬਰ ਖੜ੍ਹਨ ਵਾਲੇ ਵਿਅਕਤੀ ਨੂੰ ਚੁਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਕਾਂਗਰਸ ਪਾਰਟੀ ਨੂੰ ਗਾਇਕਾਂ, ਕਲਾਕਾਰਾਂ ਤੇ ਲੋਕਾਂ ਦੀ ਸੁਣਵਾਈ ਕਰਨ ਦਾ ਵਾਲਾ ਭਰੋਸਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਲਾਕਾਰ, ਅਦਾਕਾਰ ਪਾਰਟੀ ਨੂੰ ਆਪਣੀ ਜੰਗੀਰ ਸਮਝਦੇ ਹਨ, ਉਸਨੂੰ ਕਦੇਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕ ਕਚਹਿਰੀ ਵਿੱਚ ਅਜਿਹੇ ਆਗੂ ਨਿਰਾਸ਼ ਹੋ ਕੇ ਮੁੜਨਗੇ।ਉਨ੍ਹਾਂ ਮੰਚ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚੋਣ ਕਮੇਟੀ ਦੇ ਇੰਚਾਰਜ ਸੁਨੀਲ ਜਾਖੜ ਦਾ ਨਾਮ ਲੈਂਦਿਆਂ ਮਾਨਸਾ ਵਿਚ ਹੋਏ ਇਕੱਠ ਦੀ ਰਿਪੋਰਟ ਲੈਣ ਅਤੇ ਹਲਕੇ ਤੋਂ ਟਿਕਟ ਦੇਣ ਦਾ ਕੋਈ ਫੈਸਲਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਸ ਤਰਾਂ ਆਮ ਲੋਕਾਂ ਨੂੰ ਰਿਆਇਤਾਂ, ਸਕੀਮਾਂ, ਸਹੂਲਤਾਂ ਦੇ ਗੱਫੇ ਦਿੱਤੇ ਹਨ ਅੱਜ ਤੱਕ ਕੋਈ ਸਰਕਾਰ ਇਸ ਤਰ੍ਹਾਂ ਨਹੀਂ ਕਰ ਸਕੀ ਹੈ। ਢਿੱਲੋਂ ਨੇ ਕਿਹਾ ਕਿ ਜੇ ਪਾਰਟੀ ਨੂੰ ਆਪਣੀ ਤਾਕਤ ਅਤੇ ਫੈਸਲੇ ਤੇ ਭਰੋਸਾ ਹੈ ਤਾਂ ਕਲਾਕਾਰਾਂ ਨੂੰ ਟਿਕਟ ਕਾਹਦੇ ਲਈ ਦੇਣੀ ਹੈ। ਉਨ੍ਹਾਂ ਕਿਹਾ ਕਿ ਉਹ ਮਾਨਸਾ ਹਲਕੇ ਤੋਂ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਦੇ ਵਕੀਲ ਬਣਕੇ ਟਿਕਟ ਮੰਗਣਗੇ ਅਤੇ ਆਪਣੇ ਵੱਲੋਂ ਕੇਂਦਰੀ ਕਮੇਟੀ ਕੋਲ ਵੀ ਸਿਫਾਰਸ਼ ਭੇਜਣਗੇ। ਇਸ ਮੌਕੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਭਾਵੁਕ ਅੰਦਾਜ਼ ’ਚ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਅਕਾਲੀ ਸਰਕਾਰ ਵੇਲੇ ਦਰਜ ਕੇਸਾਂ ਦਾ ਸਾਹਮਣਾ ਅਤੇ ਜੁਲਮ ਦਾ ਡਟ ਕੇ ਮੁਕਾਬਲਾ ਕੀਤਾ ਪਰ ਅੱਜ ਜਦੋਂ ਲੋਕਾਂ ਵਿੱਚ ਜਾਣ ਦਾ ਮੌਕਾ ਮਿਲਣਾ ਸੀ ਤਾਂ ਇੱਕ ਗਾਇਕ ਨੂੰ ਉਮੀਦਵਾਰ ਬਨਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਤਿੱਖੀ ਸੁਰ ’ਚ ਸਪਸ਼ਟ ਕੀਤਾ ਕਿ ਜੇਕਰ ਮਾਨਸਾ ਤੋਂ ਕਾਂਗਰਸ ਪਾਰਟੀ ਨੇ ਸਿੱਧੂ ਮੂੂਸੇਵਾਲਾ ਨੂੰ ਟਿਕਟ ਦਿੱਤੀ ਤਾਂ ਉਹ ਬਿਨਾਂ ਨਤੀਜਿਆਂ ਦਾ ਪ੍ਰਵਾਹ ਕੀਤਿਆਂ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਟਿਕਟ ਨੂੰ ਲੈ ਕੇ ਇੱਥੇ ਲੀਡਰਾਂ ਦੇ ਸਿੰਗ ਨਾ ਫਸਾਏ ਅਤੇ ਲੋਕਾਂ ਨਾਲ ਜੁੜੇ ਹੋਏ ਸਥਾਨਕ ਆਗੂਆਂ ਦੀ ਪਹਿਚਾਣ ਕਰਕੇ ਕਿਸੇ ਵੀ ਆਗੂ ਨੂੰ ਟਿਕਟ ਦਿੱਤੀ ਜਾਏ।ਮੰਚ ਤੋਂ ਬਾਹਰਲੇ ਵਿਅਕਤੀ ਕਦੇ ਵੀ ਬਰਦਾਸ਼ਤ ਨਾਂ ਕਰਨ ਦੇ ਐਲਾਨ ਕਰਦਿਆਂ ਉਨ੍ਹਾਂ ਲੋਕਾਂ ਨਾਲ ਵਾਅਦਾ ਤੋਂ ਕੀਤਾ ਕਿ ਜੇਕਰ ਉਨ੍ਹਾਂ ਨੂੰ ਲੋਕਾਂ ਦੇ ਏਕੇ ਨਾਲ ਤਾਕਤ ਮਿਲੀ ਤਾਂ ਉਹ ਆਪਣੀ ਸਾਰੀ ਉਮਰ ਲੋਕ ਸੇਵਾ ਦੇ ਲੇਖੇ ਆਉਣਗੇ ਅਤੇ ਕਦੇ ਵੀ ਰਜਨੀਤੀ ਤੇ ਆਪਣੇ ਅਹੁਦੇ ਨੂੰ ਨਿੱਜੀ ਮੁਫਾਦ ਲਈ ਨਹੀਂ ਵਰਤਣਗੇ। ਉਨ੍ਹਾਂ ਭਰਵੇਂ ਮੀਂਹ ਦੌਰਾਨ ਰੈਲੀ ਵਿੱਚ ਪੁੱਜਣ ਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਹਲਕੇ ਨਾਲ ਸਬੰਧਤ ਆਗੂਆਂ ਦੇ ਨਾਮ ਲਈ ਅਤੇ ਪਾਰਟੀ ਨੂੰ ਉਨ੍ਹਾਂ ਦੀ ਉਮੀਦ ਨਾਂ ਤੋੜਨ ਲਈ ਵੀ ਆਖਿਆ। ਇਸ ਮੌਕੇ ਕੇਂਦਰੀ ਕਮੇਟੀ ਵਲੋਂ ਭੇਜੇ ਪਾਰਟੀ ਇੰਚਾਰਜ ਬੰਟੀ ਸ਼ੈਲਕੇ, ਕੋ ਇੰਚਾਰਜ ਮੁਕੇਸ਼ ਕੁਮਾਰ, ਨਿਰਮਲ ਸਿੰਘ ਸਿੱਧੂ, ਅਮਤੋਜ ਸਿੰਘ, ਰਜਨੀਸ਼ ਸ਼ਰਮਾ, ਲੱਕੀ ਸਿੱਧੂ ਬਠਿੰਡਾ ਅਤੇ ਬਲਰਾਜ ਬਾਂਸਲ ਆਦਿ ਹਾਜ਼ਰ ਸਨ।

 

Related posts

5 ਟ੍ਰਿਲੀਅਨ ਦੀ ਆਰਥਿਕਤਾ ਦਾ ਸੁਪਨਾ ਦਿਖਾਉਣ ਵਾਲੀ ਮੋਦੀ ਸਰਕਾਰ ਦੇ ਰਾਜ ‘ਚ ਹੀ ਹੋਈ 5 ਟ੍ਰਿਲੀਅਨ ਦੀ ਠੱਗੀ : ਕਾਂਗਰਸ

Sanjhi Khabar

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ ਲਿਆ ਹਿਰਾਸਤ ‘ਚ

Sanjhi Khabar

ਬਜ਼ੁਰਗਾਂ ਦੀ ਭਲਾਈ ਲਈ 16 ਜ਼ਿਲ੍ਹਿਆਂ ‘ਚ ਬਿਰਧ ਘਰ ਖੋਲ੍ਹਣ ਤੇ ਚਲਾਉਣ ਸਬੰਧੀ ਗ੍ਰਾਂਟ ਦੇਣ ਦਾ ਫ਼ੈਸਲਾ: ਅਰੁਨਾ ਚੌਧਰੀ

Sanjhi Khabar

Leave a Comment