18.6 C
Los Angeles
May 19, 2024
Sanjhi Khabar
Uncategorized

ਵਿਸ਼ਵ ਵਾਤਾਵਰਨ ਦਿਵਸ ਮੌਕੇ ਜ਼ਿਲੇ ਵਿਚ ‘ਰੀਵੈਂਪਡ ਮਿਸ਼ਨ ਤੰਦਰੁਸਤ ਪੰਜਾਬ’ ਦਾ ਹੋਇਆ ਆਗਾਜ਼

Sukhwinder Bunty
ਨਵਾਂਸ਼ਹਿਰ, 5 ਜੂਨ :ਲੋਕਾਂ ਦੀ ਚੰਗੀ ਸਿਹਤ ਯਕੀਨੀ ਬਣਾਉਣ, ਕੁਦਰਤੀ ਦਾਤਾਂ ਦੀ ਰੱਖਿਆ ਅਤੇ ਹਰੇਕ ਤਰਾਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਜ਼ਿਲੇ ਵਿਚ ਅੱਜ ‘ਮੁੜ ਵਿਉਂਤੇ ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਆਪਸੀ ਤਾਲਮੇਲ ਨਾਲ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਵਿਸ਼ਵ ਵਾਤਾਵਰਨ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਰੀਵੈਂਪਡ ਮਿਸ਼ਨ ਤੰਦਰੁਸਤ ਪੰਜਾਬ’ ਦੇ ਸੂਬਾ ਪੱਧਰੀ ਵਰਚੁਅਲ ਆਗਾਜ਼ ਸਮਾਗਮ ਵਿਚ ਸ਼ਿਰਕਤ ਕਰਨ ਮੌਕੇ ਉੱਪ ਅਰਥ ਤੇ ਅੰਕੜਾ ਸਲਾਹਕਾਰ-ਕਮ-ਨੋਡਲ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮੁੜ ਵਿਉਂਤੇ ਮਿਸ਼ਨ ਦਾ ਮੁੱਖ ਮਕਸਦ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ, ਹਵਾ ਦੀ ਕੁਆਲਿਟੀ ਵਿਚ ਸੁਧਾਰ ਕਰਨਾ, ਬੂਟੇ ਲਗਾਉਣਾ, ਸੁਰੱਖਿਅਤ ਉਤਪਾਦਾਂ ਨੂੰ ਯਕੀਨੀ ਬਣਾਉਣਾ, ਮਿਲਾਵਟਖੋਰੀ ਨੂੰ ਖ਼ਤਮ ਕਰਨਾ, ਸੜਕੀ ਸੁਰੱਖਿਆ ਅਤੇ ਖੇਡਾਂ ਰਾਹੀਂ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣਾ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਜ਼ਿਲੇ ਵਿਚ ‘ਮਿਸ਼ਨ ਤੰਦਰੁਸਤ ਪੰਜਾਬ’ ਪਹਿਲਾਂ ਤੋਂ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ ਅਤੇ ਇਸ ਮੁੜ ਵਿਉਂਤੇ ਮਿਸ਼ਨ ਨਾਲ ਜ਼ਿਲੇ ਵਿਚ ਹੋਰ ਸੁਚੱਜੇ ਢੰਗ ਨਾਲ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਜ਼ਿਲਾ ਵਾਸੀਆਂ ਦੀ ਵਧੀਆ ਸਿਹਤ ਯਕੀਨੀ ਬਣੇਗੀ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਵੱਖ-ਵੱਖ ਵਿਭਾਗ ਅਹਿਮ ਭੂਮਿਕਾ ਨਿਭਾਉਣਗੇ, ਜਿਨਾਂ ਵਿਚ ਵਾਤਾਵਰਨ, ਸਿਹਤ, ਸਥਾਨਕ ਸਰਕਾਰਾਂ, ਖੇਤੀਬਾੜੀ, ਸਹਿਕਾਰਤਾ, ਜੰਗਲਾਤ, ਖੇਡਾਂ, ਲੋਕ ਨਿਰਮਾਣ, ਜਲ ਸਵੱਛਤਾ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਸੜਕ ਸੁਰੱਖਿਆ ਅਤੇ ਮਿੱਟੀ ਦੀ ਸੰਭਾਲ ਆਦਿ ਨਾਲ ਸਬੰਧਤ ਅਧਿਕਾਰੀ ਸ਼ਾਮਲ ਹੋਣਗੇ।
ਉਨਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਸਿਹਤ ਵਿਭਾਗ ਨੂੰ ਖ਼ੁਰਾਕ ਸੁਰੱਖਿਆ, ਮਿਲਾਵਟਖੋਰੀ ਰੋਕਣ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸੌਂਪਿਆ ਗਿਆ ਹੈ, ਜਿਸ ਵਿਚ ਖਾਸ ਕਰਕੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਨਿਰਧਾਰਤ ਗੁਣਵੱਤਾ ਨੂੰ ਯਕੀਨੀ ਬਣਾਉਣ, ਅਣਉਚਿਤ ਅਤੇ ਅਣਅਧਿਕਾਰਤ ਦਵਾਈਆਂ ਦੀ ਵਿਕਰੀ ਰੋਕਣ, ਸੰਚਾਰੀ ਅਤੇ ਗੈਰ-ਸੰਚਾਰੀ ਰੋਗਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਬਚਾਅ ਸਬੰਧੀ ਸਿਹਤ ਪੱਖਾਂ ’ਤੇ ਜ਼ੋਰ ਦਿੱਤਾ ਜਾਵੇਗਾ। ਇਸੇ ਤਰਾਂ ਹਰੇਕ ਘਰ ਨੂੰ ਪਾਣੀ ਸਪਲਾਈ ਅਤੇ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਂ-ਸਮੇਂ ’ਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰੇਗਾ। ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਲਈ ਪੁਖ਼ਤਾ ਉਪਰਾਲੇ ਕਰਨ ਤੋਂ ਇਲਾਵਾ ਵਾਹਨ ਪ੍ਰਦੂਸ਼ਣ ਦੀ ਜਾਂਚ ਲਈ ਨਿਰੰਤਰ ਮੁਹਿੰਮ ਚਲਾਈ ਜਾਵੇਗੀ। ਇਸੇ ਤਰਾਂ ਵਾਤਾਵਰਨ ਵਿਭਾਗ ਹਵਾ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਨਿਗਰਾਨੀ ਕਰੇਗਾ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਐਨ. ਜੀ. ਟੀ ਦੇ ਨਿਰਧਾਰਤ ਨਿਯਮਾਂ ਅਨੁਸਾਰ ਸਨਅਤੀ ਪ੍ਰਦੂਸ਼ਣ ਰੋਕਣ ਅਤੇ ਪਲਾਸਟਿਕ, ਈ-ਵੇਸਟ ਅਤੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਸੁਰੱਖਿਅਤ ਨਿਪਟਾਰਾ ਯਕੀਨੀ ਬਣਾਏਗਾ। ਉਨਾਂ ਇਹ ਵੀ ਦੱਸਿਆ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਖਿਡਾਰੀਆਂ ਅਤੇ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦੀ ਵੰਡ ਰਾਹੀਂ ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਤ ਕਰੇਗਾ। ਇਸੇ ਤਰਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਮਿਲ ਕੇ ਪਰਾਲੀ ਤੇ ਫ਼ਸਲੀ ਰਹਿੰਦ-ਖੂੰਹਦ ਸਾੜਨ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਏਗਾ ਅਤੇ ਕਿਸਾਨਾਂ ਨੂੰ ਨਵੀਨਤਮ ਮਸ਼ੀਨਰੀ ਵੀ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵੱਧ ਤੋਂ ਵੱਧ ਬੂਟੇ ਲਕਾ ਕੇ ਅਤੇ ਲੋਕਾਂ ਨੂੰ ਇਸ ਲਈ ਲਈ ਪ੍ਰੇਰਿਤ ਕਰਕੇ ਹਰਿਆਲੀ ਵਧਾਉਣ ਦਾ ਕੰਮ ਕਰੇਗਾ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Related posts

ਪੰਜਾਬ ‘ਚ ਵੱਡੀ ਪਾਰਟੀ ਬਣ ਕੇ ਉਭਰ ਸਕਦੀ ‘ਆਪ’, ਪਰ ਬਹੁਮਤ ਦੀ ਸੰਭਾਵਨਾ ਨਹੀਂ, ਕੀ ਕਹਿੰਦਾ ਸਰਵੇਖਣ

Sanjhi Khabar

ਮਾਰਚ ਵਿੱਚ 11 ਦਿਨ ਬੰਦ ਰਹਿਣਗੇ ਬੈਂਕ, ਨਿਪਟਾਓ ਆਪਣੇ ਸਾਰੇ ਜ਼ਰੂਰੀ ਕੰਮ

Sanjhi Khabar

ਪ੍ਰਧਾਨ ਮੰਤਰੀ ਨੇ ਦਿੱਤੀ ਖੁਸ਼ਖਬਰੀ ! ‘1.5 ਲੱਖ ਹੋਰ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ’

Sanjhi Khabar

Leave a Comment