15.3 C
Los Angeles
May 17, 2024
Sanjhi Khabar
Chandigarh Crime News Politics Protest

ਲਖੀਮਪੁਰ ‘ਚ ਸ਼ਹੀਦ ਕਿਸਾਨਾਂ ਦੇ ਘਰ ਪਹੁੰਚੀ ਹਰਸਿਮਰਤ ਬਾਦਲ, ਪੀੜਤ ਪਰਿਵਾਰਾਂ ਨਾਲ ਵੰਡਾਇਆ ਦੁੱਖ

Sukhwinder Bunty
ਲਖੀਮਪੁਰਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਲਖੀਮਪੁਰ ਵਿੱਚ ਸ਼ਹੀਦ ਕਿਸਾਨਾਂ ਦਾ ਦੁੱਖ ਵੰਡਾਉਣ ਲਈ ਪਹੁੰਚੀ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੱਤਾ, ਇਸ ਦੌਰਾਨ ਉਹ ਖੁਦ ਵੀ ਭਾਵੁਕ ਹੋ ਗਏ।
ਇਸ ਦੌਰਾਨ ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਵਫਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ ਅਤੇ ਹਰਮੀਤ ਸਿੰਘ ਕਾਲਕਾ ਸ਼ਾਮਲ ਸਨ। ਇਸ ਦੌਰਾਨ ਅਕਾਲੀ ਦਲ ਨੇ ਲਵਪ੍ਰੀਤ ਦੇ ਪੂਰੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਲੜਾਈ ਵਿੱਚ ਉਹ ਉਨ੍ਹਾਂ ਦੇ ਨਾਲ ਹਨ। ਅਕਾਲੀ ਦਲ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।

ਇਸ ਦੌਰਾਨ ਅਕਾਲੀ ਦਲ ਦੇ ਵਫਦ ਨੇ ਉਨ੍ਹਾਂ ਚਾਰ ਕਿਸਾਨਾਂ ਤੇ ਪੱਤਰਕਾਰ ਦੀ ਰਿਹਾਇਸ਼ ’ਤੇ ਦੁੱਖ ਸਾਂਝਾ ਕੀਤਾ ਜਿਨ੍ਹਾਂ ਨੂੰ ਭਾਜਪਾ ਦੇ ਮੰਤਰੀ ਦੇ ਪੁੱਤਰ ਨੇ ਆਪਣੀ ਗੱਡੀ ਹੇਠ ਕੁਚਲ ਦਿੱਤਾ ਸੀ। ਵਫਦ ਨੇ ਚੌਖਰਾ ਪਿੰਡ ਵਿਚ ਲਵਪ੍ਰੀਤ ਸਿੰਘ, ਨਾਮਧਾਰਪੁਰ ਵਿਚ ਨੱਛਤਰ ਸਿੰਘ, ਵਣਜਾਰਨ ਟਾਪਾ ਵਿਚ ਦਲਜੀਤ ਸਿੰਘ, ਮੋਹਰਨੀਆ ਵਿਚ ਗੁਰਵਿੰਦਰ ਸਿੰਘ ਤੇ ਨਿਗਾਸਨ ਪਿੰਡ ਵਿਚ ਪੱਤਰਕਾਰ ਰਮਨ ਕਸ਼ਯਪ ਦੀ ਰਿਹਾਇਸ਼ ’ਤੇ ਜਾ ਕੇ ਇਹ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਦਾ ਚੈਕ ਸੌਂਪਿਆ ਤੇ ਭਰੋਸਾ ਦੁਆਇਆ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕੇਗੀ।

ਪੀੜਤ ਪਰਿਵਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਿਆਂਦਾ ‘ਪ੍ਰਸ਼ਾਦ’ ਤੇ ‘ਸਿਰੋਪਾ’ ਵੀ ਭੇਟ ਕੀਤਾ ਗਿਆ। ਇਸ ਮੌਕੇ ਬੀਬੀ ਜਗੀਰ ਕੌਰ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ‘ਅਰਦਾਸ’ ਵੀ ਕੀਤੀ।
ਇਸ ਮੌਕੇ ਪੀੜਤ ਪਰਿਵਾਰਾਂ ਦੇ ਘਰਾਂ ਵਿਚ ਭਾਵੁਕ ਦ੍ਰਿਸ਼ ਵੇਖਣ ਨੁੰ ਮਿਲੇ। ਪਰਿਵਾਰਾਂ ਨੇ ਕਿਹਾ ਕਿ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼ਾਂਤੀਪੂਰਨ ਰੋਸ ਮਾਰਚ ਮੁਕੰਮਲ ਕਰ ਕੇ ਘਰਾਂ ਨੂੰ ਪਰਤ ਰਹੇ ਨਿਰਦੋਸ਼ ਕਿਸਾਨਾਂ ਨੁੰ ਇਸ ਤਰੀਕੇ ਦਰੜ ਦਿੱਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹਾਲੇ ਤੱਕ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਸਥਾਨਕ ਸਨ ਜਿਨ੍ਹਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ ਪਰ ਹਾਲੇ ਤੱਕ ਉਹ ਗ੍ਰਿਫਤਾਰ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਸ਼ੀਸ਼ ਨੂੰ ਫਰਾਰ ਹੋਣ ਵਾਲਾ ਖੁੱਲ੍ਹਾ ਸਮਾਂ ਦਿੱਤਾ ਹੈ ਤੇ ਭਾਜਪਾ ਦੇ ਮੰਤਰੀ ਦਾ ਪੁੱਤਰ ਨੇਪਾਲ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਤਲ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ। ਆਸ਼ੀਸ਼ ਨੇ ਗੁੰਡਿਆਂ ਦੇ ਨਾਲ-ਨਾਲ ਹਥਿਆਰ ਵੀ ਇਕੱਠੇ ਕੀਤੇ ਤੇ ਫਿਰ ਕਿਸਾਨਾਂ ਦਾ ਕਤਲ ਕੀਤਾ।

ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਤੇ ਪੱਤਰਕਾਰ ਦੀ ਰਿਹਾਇਸ਼ ’ਤੇ ਜਾ ਕੇ ਦੁੱਖ ਸਾਂਝਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਪੁੱਤਰ ਅਸ਼ੀਸ਼ ਮਿਸ਼ਰਾ, ਜਿਸਨੇ ਸ਼ਾਂਤੀਪੂਰਨ ਰੋਸ ਪ੍ਰਦਰਸਨ ਕਰਨ ਮਗਰੋਂ ਆਪਣੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਦਰੜ ਦਿੱਤਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੰਤਰੀ ਦੇ ਪੁੱਤਰ ਅਸ਼ੀਸ਼ ਨੇ ਉਸ ਵੇਲੇ ਕਿਸਾਨਾਂ ਨੂੰ ਦਰੜਿਆ ਜਦੋਂ ਉਨ੍ਹਾਂ ਦੀ ਪਿੱਠ ਉਸਦੀ ਗੱਡੀ ਵੱਲ ਸੀ। ਉਨ੍ਹਾਂ ਕਿਹਾ ਕਿ ਆਸ਼ੀਸ਼ ਨੇ ਅਜਿਹਾ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਕਿਉਂਕਿ ਉਸਦੇ ਪਿਓ ਅਜੇ ਮਿਸ਼ਰਾ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕੋਈ ਰੋਸ ਪ੍ਰਦਰਸ਼ਨ ਨਾ ਕਰਨ ਨਹੀਂ ਤਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਪਰ ਇਸਦੇ ਬਾਵਜੂਦ ਕਿਸਾਨਾਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਂਦਰ ਸਰਕਾਰ ਜਾਂ ਉੱਤਰ ਪ੍ਰਦੇਸ਼ ਸਰਕਾਰ ਇਸ ਘਿਨੌਣੇ ਕੇਸ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ ਹਾਲਾਂਕਿ ਕੇਸ ਵਿਚ ਸਬੂਤ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਅਸ਼ੀਸ਼ ਮਿਸ਼ਰਾ ਦੀ ਗੱਡੀ ਦੀ ਵੀਡੀਓ ਫੁਟੇਜ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚਸ਼ਮਦੀਦ ਗਵਾਹ ਮੌਜੂਦ ਹਨ, ਜਿਨ੍ਹਾਂ ਨੇ ਕਿਸਾਨਾਂ ਨੂੰ ਦਰੜਨ ਤੋਂ ਬਾਅਦ ਅਸ਼ੀਸ਼ ਮਿਸ਼ਰਾ ਨੂੰ ਭੱਜਦਿਆਂ ਵੇਖਿਆ। ਉਸਨੂੰ ਤੁਰੰਤ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਸਰਦਾਰਨੀ ਬਾਦਲ ਨੇ ਕਿਹਾ ਕਿ ਇਸੇ ਤਰੀਕੇ ਇਕ ਹੋਰ ਵੀਡੀਓ ਫੁਟੇਜ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਦੀ ਸਾਹਮਣੇ ਆਈ ਹੈ ਜਿਸ ਵਿਚ ਉਹ ਕਿਸਾਨਾਂ ਨੂੰ ਧਮਕਾ ਰਹੇ ਹਨ ਤੇ ਉਨ੍ਹਾਂ ਖਿਲਾਫ ਹਿੰਸਾ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸਨੂੰ ਕੇਂਦਰੀ ਵਜ਼ਾਰਤ ਵਿਚ ਬਣਾਈ ਰੱਖਣਾ ਗਲਤ ਹੈ ਤੇ ਕੇਂਦਰ ਸਰਕਾਰ ਨੂੰ ਤੁਰੰਤ ਉਸਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

Related posts

ਸਿੱਧੂ ਮੂਸੇਵਾਲਾ ਆਪਣੀ ਐਲਬਮ ‘ਮੂਸਟੇਪ’ ਨਾਲ ਮਚਾਉਣ ਜਾ ਰਹੇ ਨੇ ਤਹਿਲਕਾ

Sanjhi Khabar

ਕਾਂਗਰਸ ਦਾ ਵੱਡਾ ਫੈਸਲਾ: ਨਵਜੋਤ ਸਿੱਧੂ ਬਨਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

Sanjhi Khabar

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਧਿਰਾਂ ਨੇ ਸੱਦੀ 6 ਫਰਵਰੀ ਨੂੰ ਇਕੱਤਰਤਾ

Sanjhi Khabar

Leave a Comment