20.6 C
Los Angeles
May 4, 2024
Sanjhi Khabar
Bathinda Chandigarh Crime News ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਬੋਟ ਫੋਲੀਓ ਕੰਪਨੀ ਭੱਜਣ ਦੀ ਤਿਆਰੀ ‘ਚ, ਬਠਿੰਡਾ ‘ਚ ਦਫਤਰ ਦੇ ਬਦਲੇ ਬੋਰਡ

PS Mitha / Papinder Singhmar
Chandigrah : ਕ੍ਰਿਪਟੋਕਰੰਸੀ ਦੀ ਖਰੀਦੋ-ਫਰੋਖਤ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਤੋਂ ਕਰੋੜਾਂ ਰੁਪਏ ਨਿਵੇਸ਼ ਕਰਵਾਉਣ ਤੋਂ ਬਾਅਦ ਬਠਿੰਡਾ ਦੇ ਬੀਬੀ ਵਾਲਾ ਰੋਡ ‘ਤੇ ਖੋਲ੍ਹੇ ਗਏ ਬੋਟ ਫੋਲੀਓ ਬੀਟੀਐਫ ਚਿੱਟ ਫੰਡ ਕੰਪਨੀ ਦੇ ਸੰਚਾਲਕਾਂ ਨੇ ਹੁਣ ਦਫਤਰ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਫ਼ਤਰ ਦੇ ਬਾਹਰ ਲਗਾਏ ਬੋਟ ਫੋਲੀਓ ਬੀ.ਟੀ.ਐਫ ਚਿੱਟ ਫੰਡ ਕੰਪਨੀ ਦੇ ਬੋਰਡ ਨੂੰ ਬਦਲ ਕੇ ਟੂਰ ਐਂਡ ਟਰੈਵਲਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੰਪਨੀ ਦੇ ਨਿਵੇਸ਼ਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜੋ ਬੀਬੀ ਵਾਲਾ ਰੋਡ ‘ਤੇ ਸਥਿਤ ਕੰਪਨੀ ਦੇ ਦਫ਼ਤਰ ਦੇ ਬਾਹਰ ਚੱਕਰ ਵੀ ਲਾਉਂਦੇ ਨਜ਼ਰ ਆ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਬਠਿੰਡਾ ਆਰਮੀ ਵਿੱਚ ਤਾਇਨਾਤ ਇੱਕ ਮੁਲਾਜ਼ਮ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਕ੍ਰਿਪਟੋਕਰੰਸੀ ਦੀ ਖਰੀਦੋ-ਫਰੋਖਤ ਲਈ ਬੋਟ ਫੋਲੀਓ ਨਾਂ ਦੀ ਕੰਪਨੀ ਬਣਾਈ ਸੀ ਅਤੇ ਇਸ ਦਾ ਮੁੱਖ ਦਫ਼ਤਰ ਬਠਿੰਡਾ ਵਿੱਚ ਖੋਲ੍ਹਿਆ ਗਿਆ ਸੀ।

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਕਤ ਕੰਪਨੀ ਦੇ ਸੰਚਾਲਕਾਂ ਵੱਲੋਂ ਬਠਿੰਡਾ ਅਤੇ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਬੋਟ ਫੋਲੀਓ ਬੀਟੀਐਫ ਕੰਪਨੀ ਦੇ ਦਫ਼ਤਰ ਖੋਲ੍ਹੇ ਗਏ ਹਨ। ਉਕਤ ਕੰਪਨੀ ਨੂੰ ਪ੍ਰਮੋਟ ਕਰਨ ਲਈ ਸੰਚਾਲਕਾਂ ਵੱਲੋਂ ਪ੍ਰਮੋਟਰ ਵੀ ਰੱਖੇ ਗਏ ਹਨ, ਜਿਨ੍ਹਾਂ ਨੂੰ ਮੋਟੇ ਕਮਿਸ਼ਨ ਤੋਂ ਇਲਾਵਾ ਤਨਖਾਹ ਵੀ ਦਿੱਤੀ ਜਾਂਦੀ ਹੈ। ਟਾਰਗੇਟ ਪੂਰਾ ਕਰਨ ਵਾਲੇ ਕੰਪਨੀ ਦੇ ਪ੍ਰਮੋਟਰਾਂ ਨੂੰ ਲਗਜ਼ਰੀ ਹੋਟਲਾਂ ਵਿੱਚ ਲਗਜ਼ਰੀ ਪਾਰਟੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਲਗਜ਼ਰੀ ਤੋਹਫ਼ੇ ਵੀ ਦਿੱਤੇ ਜਾਂਦੇ ਹਨ।
ਸੂਤਰਾਂ ਨੇ ਦੱਸਿਆ ਕਿ ਉਕਤ ਕੰਪਨੀ ‘ਚ ਆਮ ਲੋਕਾਂ ਤੋਂ ਕਰੋੜਾਂ ਰੁਪਏ ਦਾ ਨਿਵੇਸ਼ ਕਰਵਾਉਣ ਲਈ ਕੰਪਨੀ ਦੇ ਡਾਇਰੈਕਟਰ ਅਤੇ ਪ੍ਰਮੋਟਰ ਦੇਸ਼ ਭਰ ਦੇ ਲਗਜ਼ਰੀ ਹੋਟਲਾਂ ‘ਚ ਮੀਟਿੰਗਾਂ ਕਰਦੇ ਹਨ, ਜਿਨ੍ਹਾਂ ‘ਚ ਬੋਟ ਫੋਲੀਓ ਕੰਪਨੀ ਦੀਆਂ ਆਕਰਸ਼ਕ ਸਕੀਮਾਂ ਦੱਸ ਕੇ ਆਮ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ। ਕੰਪਨੀ ‘ਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਸ਼ੁਰੂ ‘ਚ 10 ਤੋਂ 30 ਫੀਸਦੀ ਤੱਕ ਮੋਟਾ ਵਿਆਜ ਦਿੱਤਾ ਜਾਂਦਾ ਹੈ, ਜਿਸ ਕਰਕੇ ਲਾਲਚ ਵਿੱਚ ਆ ਕੇ ਕੰਪਨੀ ਦੇ ਨਿਵੇਸ਼ਕਾਂ ਵਲੋਂ ਕੰਪਨੀ ‘ਚ ਜ਼ਿਆਦਾ ਪੈਸਾ ਲਗਾ ਦਿੱਤਾ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਕੰਪਨੀ ਕੋਲ ਕਰੋੜਾਂ ਰੁਪਏ ਇਕੱਠੇ ਹੋ ਗਏ ਹਨ, ਜਦੋਂ ਕਿ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਵਿਆਜ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰੁਕਿਆ ਹੋਇਆ ਹੈ। ਪਿਛਲੇ 2 ਮਹੀਨਿਆਂ ਤੋਂ ਵਿਆਜ ਦੇਣ ਤੋਂ ਟਾਲਾ ਵੱਟਣ ਕਾਰਨ ਕੰਪਨੀ ਦੇ ਨਿਵੇਸ਼ਕ ਆਪਣੇ ਪੈਸਿਆਂ ਦੀ ਮੰਗ ਕਰ ਰਹੇ ਹਨ, ਪਰ ਪੈਸੇ ਨਾ ਦੇ ਕੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦੇ ਕੇ ਚੁੱਪ ਕਰਵਾਇਆ ਜਾ ਰਿਹਾ ਹੈ। ਹੁਣ ਕੰਪਨੀ ਦੇ ਬਦਲੇ ਗਏ ਬੋਰਡ ਕਾਰਨ ਪਹਿਲਾਂ ਹੀ ਘਬਰਾਹਟ ‘ਚ ਚੱਲ ਰਹੇ ਨਿਵੇਸ਼ਕਾਂ ‘ਚ ਹਲਚਲ ਮਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਦੇ ਸੰਚਾਲਕਾਂ ਅਤੇ ਪ੍ਰਮੋਟਰਾਂ ਨੇ ਨਿਵੇਸ਼ਕਾਂ ਦੀਆਂ ਕਾਲਾਂ ਚੁੱਕਣੀਆਂ ਬੰਦ ਕਰ ਦਿੱਤੀਆਂ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਨਿਵੇਸ਼ਕਾਂ ਨੂੰ ਹੁਣ ਕੰਪਨੀ ਦੇ ਪ੍ਰਮੋਟਰਾਂ ਵੱਲੋਂ ਝੂਠੇ ਭਰੋਸੇ ਦਿੱਤੇ ਜਾ ਰਹੇ ਹਨ ਕਿ ਦੁਬਈ ਵਿੱਚ ਟ੍ਰੇਡਿੰਗ ਖਾਤੇ ਖੋਲ੍ਹ ਕੇ ਉਕਤ ਖਾਤਿਆਂ ਵਿੱਚ ਉਨ੍ਹਾਂ ਦੇ ਪੈਸੇ ਟਰਾਂਸਫਰ ਕੀਤੇ ਜਾਣਗੇ।
–ਪ੍ਰਮੋਟਰਾਂ ਦੇ ਬੱਚਿਆਂ ਨੂੰ ਵੀ ਕਰਵਾਇਆ ਜਾ ਰਿਹਾ ਦੁਬਈ ਦਾ ਦੌਰਾ
ਸੂਤਰਾਂ ਨੇ ਦੱਸਿਆ ਕਿ ਬੋਟ ਫੋਲੀਓ ਕੰਪਨੀ ਦੇ ਸੰਚਾਲਕਾਂ ਨੇ ਪਹਿਲਾਂ ਵੀ ਲੋਕਾਂ ਦੇ ਪੈਸੇ ਵੱਖ-ਵੱਖ ਕੰਪਨੀਆਂ ਵਿੱਚ ਨਿਵੇਸ਼ ਕਰਵਾਏ ਸਨ ਅਤੇ ਬਾਅਦ ਵਿੱਚ ਕੰਪਨੀ ਬੰਦ ਹੋਣ ਦੇ ਬਹਾਨੇ ਬਣਾਕੇ ਨਿਵੇਸ਼ਕਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਨ੍ਹਾਂ ਦੇ ਖਿਲਾਫ ਕੇਸ ਵੀ ਦਰਜ ਹਨ। ਹੁਣ ਫਿਰ ਬੋਟ ਫੋਲੀਓ ਕੰਪਨੀ ਬੰਦ ਹੋਣ ਦੀ ਗੱਲ ਕਹਿ ਕੇ ਨਿਵੇਸ਼ਕਾਂ ਨੂੰ ਦੁਬਈ ਟਰੇਡਿੰਗ ਦਾ ਨਵਾਂ ਝਾਂਸਾ ਦਿੱਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਦੇ ਦੋਵੇਂ ਨਿਰਦੇਸ਼ਕ ਦੁਬਈ ਟਰੇਡਿੰਗ ਦੇ ਨਾਂ ‘ਤੇ ਨਿਵੇਸ਼ਕਾਂ ‘ਚ ਵਿਸ਼ਵਾਸ ਜਗਾਉਣ ਲਈ ਮਈ ਮਹੀਨੇ ‘ਚ ਦੁਬਈ ਦੇ ਦੌਰੇ ‘ਤੇ ਗਏ ਸਨ, ਜਿਨ੍ਹਾਂ ਨੇ ਮਲਟੀ ਬੈਂਕ ਦੁਬਈ ਤੋਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀਆਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੰਪਨੀ ਦੇ ਸੰਚਾਲਕਾਂ ਵੱਲੋਂ ਪ੍ਰਮੋਟਰਾਂ ਦੇ ਬੱਚਿਆਂ ਨੂੰ ਵੀ ਦੁਬਈ ਦੀ ਸੈਰ ‘ਤੇ ਲਿਜਾਇਆ ਜਾ ਰਿਹਾ ਹੈ, ਤਾਂ ਜੋ ਕੰਪਨੀ ਦੇ ਨਿਵੇਸ਼ਕਾਂ ਵਿੱਚ ਇਹ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਕਿ ਬੋਟ ਫੋਲੀਓ ਕੰਪਨੀ ਵਿੱਚ ਨਿਵੇਸ਼ ਕੀਤਾ ਗਿਆ ਪੈਸਾ ਦੁਬਈ ਟਰੇਡਿੰਗ ਵਿੱਚ ਸੁਰੱਖਿਅਤ ਹੈ ਅਤੇ ਦੁਬਈ ਵਿੱਚ ਨਿਵੇਸ਼ਕਾਂ ਦੇ ਖਾਤੇ ਜਲਦੀ ਹੀ ਖੋਲ੍ਹੇ ਜਾਣਗੇ। ਸੂਤਰ ਦੱਸਦੇ ਹਨ ਕਿ ਇਹ ਸਭ ਇੱਕ ਧੋਖਾ ਹੈ, ਜਦੋਂ ਕਿ ਬੀਟੀਐਫ ਦੇ ਸੰਚਾਲਕਾਂ ਵੱਲੋਂ ਦੁਬਈ ਟ੍ਰੇਡਿੰਗ ਦੇ ਨਾਂ ’ਤੇ ਕੰਪਨੀ ਨੂੰ ਬੰਦ ਕਰਕੇ ਕਰੋੜਾਂ ਰੁਪਏ ਲੁੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Related posts

ਭਾਰਤ-ਅਮਰੀਕਾ ਰਣਨੀਤਿਕ ਭਾਈਵਾਲੀ ਵਧਾਉਣ ਲਈ ਸਹਿਮਤ

Sanjhi Khabar

ਦਿੱਲੀ ’ਚ ਸੋਮਵਾਰ ਤੋਂ ਦੁਕਾਨਾਂ ਤੇ ਮਾਲ ਖੁੱਲ੍ਹਣਗੇ, ਔਡ-ਈਵਨ ਫਾਰਮੂਲਾ ਖਤਮ

Sanjhi Khabar

ਅਮਰੀਕੀ ਸੰਸਦ ਵੱਲੋਂ ਨਵਾਂ ਬਿੱਲ ਪਾਸ, 5 ਲੱਖ ਭਾਰਤੀਆਂ ਨੂੰ ਲਾਭ, ਡ੍ਰੀਮਰਜ਼, ਖੇਤ-ਮਜ਼ਦੂਰਾਂ ਨੂੰ ਮਿਲੇਗੀ ਨਾਗਰਿਕਤਾ

Sanjhi Khabar

Leave a Comment