15.8 C
Los Angeles
May 16, 2024
Sanjhi Khabar
Chandigarh

ਦਿੱਲੀ ‘ਚ ਕਿਸਾਨਾਂ ‘ਤੇ ਹੋਏ ਤਸ਼ੱਦਦ ਬਾਰੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ ਸਪੀਕਰ ਨੂੰ ਸੌਂਪੀ ਰਿਪੋਰਟ

Parmeet Mitha
ਚੰਡੀਗੜ੍ਹ, 7 ਸਤੰਬਰ:26 ਜਨਵਰੀ, 2021 ਨੂੰ ਦਿੱਲੀ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਹੋਰ ਲੋਕਾਂ ‘ਤੇ ਦਿੱਲੀ ਪੁਲਿਸ ਵੱਲੋਂ ਕੀਤੇ ਤਸ਼ੱਦਦ ਸਬੰਧੀ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਵੱਲੋਂ ਪੜਤਾਲੀਆ ਰਿਪੋਰਟ ਅੱਜ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੌਂਪ ਦਿੱਤੀ ਗਈ ਹੈ।
ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ 5 ਮਾਰਚ, 2021 ਨੂੰ ਸਦਨ ਨੇ ਇਹ ਮੰਗ ਰੱਖੀ ਸੀ ਕਿ ਨਵੀਂ ਦਿੱਲੀ ਵਿਚ ਕਿਸਾਨ ਅੰਦੋਲਨ ਦੌਰਾਨ ਪੰਜਾਬੀਆਂ ‘ਤੇ ਕੀਤੇ ਤਸ਼ੱਦਦ ਦੀ ਜਾਂਚ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਕਮੇਟੀ ਬਣਾਉਣ ਦੇ ਅਧਿਕਾਰ ਸਪੀਕਰ ਨੂੰ ਸੌਂਪ ਦਿੱਤੇ ਗਏ ਸਨ। ਸਪੀਕਰ ਰਾਣਾ ਕੇ.ਪੀ. ਸਿੰਘ ਨੇ 30 ਮਾਰਚ, 2021 ਨੂੰ ਇਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਦੇ ਸਭਾਪਤੀ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਬਣਾਇਆ ਗਿਆ ਸੀ। ਬਾਕੀ ਮੈਂਬਰਾਂ ਵਿਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫਤਿਹਜੰਗ ਸਿੰਘ ਬਾਜਵਾ, ਸਰਵਜੀਤ ਕੌਰ ਮਾਣੂੰਕੇ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਕਮੇਟੀ ਨੇ ਲੁਧਿਆਣਾ, ਮੋਗਾ, ਬਠਿੰਡਾ, ਸੰਗਰੂਰ, ਮਾਨਸਾ, ਨਵਾਂ ਸ਼ਹਿਰ, ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦਾ ਦੌਰਾ ਕਰਕੇ ਪੀੜਤ ਕਿਸਾਨਾਂ, ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਦੌਰਾਨ ਪੀੜਤ ਲੋਕਾਂ ਨੇ ਜੋ ਬਿਆਨ ਕਮੇਟੀ ਕੋਲ ਦਰਜ ਕਰਵਾਏ ਉਸ ਨੂੰ ਰਿਪੋਰਟ ਵਿਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਸ ਦੀ ਜਾਣਕਾਰੀ ਵਿਧਾਨ ਸਭਾ ਰਾਹੀਂ ਸਰਕਾਰ ਕੋਲ ਪਹੁੰਚਾਈ ਜਾ ਸਕੇ। ਅੱਜ ਕਮੇਟੀ ਦੇ ਸਭਾਪਤੀ ਕੁਲਦੀਪ ਸਿੰਘ ਵੈਦ ਅਤੇ ਮੈਂਬਰਾਂ ਕੁਲਬੀਰ ਸਿੰਘ ਜ਼ੀਰਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ “ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਥਾਂਵਾਂ ‘ਤੇ ਸੋਸ਼ਲ ਐਕਟਿਵਿਸਟਸ ਅਤੇ ਹੋਰ ਲੋਕਾਂ ‘ਤੇ ਹੋਏ ਟੌਰਚਰ ਦੀਆਂ ਘਟਵਾਨਾਂ ਦੀ ਛਾਣਬੀਨ ਕਰਨ ਲਈ ਗਠਿਤ ਸਦਨ ਦੀ ਕਮੇਟੀ ਦੀ ਰਿਪੋਰਟ” ਸਿਰਲੇਖ ਅਧੀਨ ਇਹ ਰਿਪੋਰਟ ਸਪੀਕਰ ਨੂੰ ਸੌਂਪ ਦਿੱਤੀ ਹੈ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਇਸ ਰਿਪੋਰਟ ਨੂੰ ਯੋਗ ਕਾਰਵਾਈ ਰਾਹੀਂ ਸਰਕਾਰ ਤੱਕ ਪਹੁੰਚਦੀ ਕਰਨਗੇ ਤਾਂ ਜੋ ਪੀੜਤਾਂ ਨੂੰ ਬਣਦਾ ਇਨਸਾਫ ਤੇ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

Related posts

ਮਸ਼ਹੂਰ ਗਾਇਕ ਦਲੇਰ ਮਹਿੰਦੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Sanjhi Khabar

ਬਿਜਲੀ ਸਮਝੌਤੇ ਤੇ ਖੇਤੀ ਕਾਨੂੰਨ ਅਗਲੇ ਵਿਧਾਨ ਸਭਾ ਸੈਸ਼ਨ ‘ਚ ਮੁੱਢੋਂ ਰੱਦ ਕੀਤੇ ਜਾਣਗੇ: ਨਵਜੋਤ ਸਿੰਘ ਸਿੱਧੂ

Sanjhi Khabar

ਸੁਖਬੀਰ ਅਤੇ ਹਰਸਿਮਰਤ ਬਾਦਲ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Sanjhi Khabar

Leave a Comment