15.6 C
Los Angeles
May 15, 2024
Sanjhi Khabar
Bathinda Politics

ਡੇਰਾ ਸਿਰਸਾ ਵੱਲੋਂ ਆਪਣੇ ਸਿਆਸੀ ਪੱਤੇ ਖੋਲ੍ਹਣ ਲਈ ਸਮਾਂ ਤੈਅ

Ashok Verma

ਬਠਿੰਡਾ, 14ਫਰਵਰੀ:  ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆਪਣੇ ਸਿਆਸੀ ਪੱਤੇ ਖੋਹਲੇ ਜਾਣਗੇ ਜਿੰਨ੍ਹਾਂ ਤੇ ਸਭਨਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਡੇਰੇ ਦੇ ਸਿਆਸੀ ਵਿੰਗ ਵੱਲੋਂ 18 ਫਰਵਰੀ ਸ਼ਾਮ ਤੱਕ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਡੇਰੇ ਵੱਲੋਂ ਇਸ ਸਬੰਧ ’ਚ ਆਪਣੇ ਪੱਧਰ ਤੇ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਡੇਰੇ ਦੇ ਮੀਡੀਆ ਤੋਂ ਵੱਖਰੀ ਰਿਪੋਰਟ ਮੰਗੀ ਗਈ ਹੈ। ਪਤਾ ਲੱਗਿਆ ਹੈ ਕਿ ਡੇਰਾ ਆਗੂਆਂ ਦੀਆਂ ਜਿਲ੍ਹਾ ਪਧੱਰ ਤੇ ਟੀਮਾਂ ਬਣਾਈਆਂ ਗਈਆਂ ਹਨ ਜੋ ਆਪਣੇ ਤੌਰ ਤੇ ਸਿਆਸੀ ਨਬਜ਼ ਟੋਹ ਰਹੀਆਂ ਹਨ। ਡੇਰਾ ਸੂਤਰਾਂ ਮੁਤਾਬਕ ਡੇਰਾ ਸਿਰਸਾ ਐਤਕੀਂ ਖੁੱਲ੍ਹੇਆਮ ਹਮਾਇਤ ਨਹੀਂ ਕਰੇਗਾ। ਸਿਆਸੀ ਵਿੰਗ ਤਰਫੋਂ ਆਪਣੇ ਪੈਂਤੜੇ ’ਚ ਬਦਲਾਅ ਕੀਤਾ ਗਿਆ ਹੈ । ਹੁਣ ਡੇਰਾ ਪੈਰੋਕਾਰਾਂ ਨੂੰ ਗੁਪਤ ਸੁਨੇਹੇ ਨਾਲ ਸਿਆਸੀ ਹਮਾਇਤ ਸਬੰਧੀ ਜਾਣੂੰ ਕਰਾਇਆ ਜਾਵੇਗਾ। ਸਾਲ 2007 ਤੇ 2017 ਦੀਆਂ ਚੋਣਾਂ ਵਿੱਚ ਡੇਰਾ ਸਿਰਸਾ ਨੇ ਖੁੱਲ੍ਹੇਆਮ ਹਮਾਇਤ ਦਾ ਐਲਾਨ ਕੀਤਾ ਸੀ ਜਿਸ ਦਾ ਡੇਰਾ ਪ੍ਰੇਮੀਆਂ ਨੂੰ ਵੱਡਾ ਖਮਿਆਜਾ ਭੁਗਤਣਾ ਪਿਆ ਸੀ। ਇਹੋ ਕਾਰਨ ਹੈ ਕਿ ਸਿਆਸੀ ਵਿੰਗ ਆਪਣੀ ਰਣਨੀਤੀ ਤਬਦੀਲ ਕਰਨ ਦੇ ਰਾਹ ਪਿਆ ਹੈ। ਵੇਰਵਿਆਂ ਅਨੁਸਾਰ ਪਹਿਲੇ ਗੇੜ ਵਿੱਚ ਡੇਰਾ ਸਿਰਸਾ ਦੀਆਂ ਟੀਮਾਂ ਨੇ ਮਾਲਵਾ ਖ਼ਿੱਤੇ ਦੇ ਵੱਡੇ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ ਹਨ ਜਦੋਂਕਿ ਕੁੱਝ ਥਾਵਾਂ ਤੇ ਅਗਲੇ ਤਿੰਨ –ਚਾਰ ਦਿਨਾਂ ਦੌਰਾਨ ਕੀਤੇ ਜਾਣਗੇ। ਇਨ੍ਹਾਂ ਸਮਾਰੋਹਾਂ ਜ਼ਰੀਏ ਡੇਰਾ ਆਗੂਆਂ ਵੱਲੋਂ ਪੈਰੋਕਾਰਾਂ ਦਾ ਸਿਆਸੀ ਭਾਰ ਵੀ ਜੋਖਿਆ ਜਾਣਾ ਹੈ। ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਨ੍ਹੀਂ ਦਿਨੀ ਪੰਜਾਬ ਦੇ ਦੌਰੇ ਤੇ ਹਨ ਅਤੇ ਵਿੰਗ ਦੇ ਬਾਕੀ ਮੈਂਬਰਾਂ ਵੱਲੋਂ ਵੀ ਡੇਰਾ ਪੈਰੋਕਾਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਮੀਟਿੰਗਾਂ ਵਿਚ ਡੇਰਾ ਮੁਖੀ ਤੇ ਡੇਰਾ ਪੈਰੋਕਾਰਾਂ ਨੂੰ ਬੇਅਦਬੀ ਕੇਸਾਂ ’ਚ ਉਲਝਾਉਣ ਕਾਰਨ ਕਾਂਗਰਸ ਖ਼ਿਲਾਫ਼ ਨਾਰਾਜ਼ਗੀ ਸਾਹਮਣੇ ਆਈ ਹੈ। ਕੋਈ ਸ਼ੱਕ ਨਹੀਂ ਕਿ ਡੇਰਾ ਮੁਖੀ ਨੂੰ ਹੋਈਆਂ ਸਜ਼ਾਵਾਂ ਮਗਰੋਂ ਡੇਰੇ ਦੀ ਪੈਂਠ ਦਾ ਲੱਕ ਟੁੱਟਿਆ ਹੈ ਜਿਸ ਨੂੰ ਡੇਰਾ ਆਗੂ ਵੱਡੀ ਪੱਧਰ ਤੇ ਸਮੇਟਣ ਅਤੇ ਹੁਣ ਸਭ ਅੱਛਾ ਹੋਣ ਦੀ ਗੱਲ ਆਖ ਰਹੇ ਹਨ। ਡੇਰਾ ਆਗੂ ਇਸ ਦਾ ਪ੍ਰਮਾਣ 9 ਜਨਵਰੀ ਨੂੰ ਡੇਰਾ ਸਲਾਬਤਪੁਰਾ ’ਚ ਕਰਵਾਏ ਸਮਾਗਮ ਦੌਰਾਨ 24 ਲੱਖ 75 ਹਜ਼ਾਰ ਡੇਰਾ ਪੈਰੋਕਾਰਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਨੂੰ ਦੱਸ ਰਹੇ ਹਨ। ਡੇਰਾ ਮੁਖੀ ਦੀ ਫਰਲੋ ਮਗਰੋਂ ਡੇਰਾ ਪੈਰੋਕਾਰਾਂ ’ਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਹਾਲਾਂਕਿ ਡੇਰਾ ਮੁਖੀ ਦੀ ਫਰਲ੍ਹੋ ਨੂੰ ਭਾਜਪਾ ਦੀ ਹਮਾਇਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਵਿੰਗ ਨੇ ਇਸ ਮੁੱਦੇ ਤੇ ਪੂਰੀ ਤਰਾਂ ਚੁੱਪ ਵੱਟੀ ਹੋਈ ਹੈ। ਉਂਜ ਸਿਆਸੀ ਵਿੰਗ ਆਖ ਰਿਹਾ ਹੈ ਕਿ ਸਭ ਸਿਆਸੀ ਲੀਡਰ ਇੱਕੋ ਜੇਹੇ ਹੀ ਹਨ ਪ੍ਰੰਤੂ ਡੇਰੇ ਸਿਰਸਾ ਦੇ ਅਖ਼ਬਾਰ ਦਾ ਪਿਛਲੇ ਦਿਨਾਂ ਦਾ ਮੁਲਾਂਕਣ ਕਰਕੇ ਦੇਖੀਏ ਤਾਂ ਇਸ ਅਖ਼ਬਾਰ ਵਿਚ ਹੁਣ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਪ੍ਰਮੁੱਖਤਾ ਨਾਲ ਛਪਣ ਲੱਗੇ ਹਨ । ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਜਿਹਾ ਨਹੀਂ ਸੀ ਖਾਸ ਤੌਰ ਤੇ ਇੰਨ੍ਹਾਂ ਚੋਣਾਂ ਦੌਰਾਨ ਕਈ ਗਤੀਵਿਧੀਆਂ ਕਾਰਨ ਡੇਰਾ ਸਿਰਸਾ ਇਸਪਾਰਟੀ ਤੋਂ ਖ਼ਫ਼ਾ ਸੀ। ਡੇਰੇ ਦੇ ਅਖ਼ਬਾਰ ਵਿੱਚ ਆਮ ਆਦਮੀ ਪਾਰਟੀ ਬਹੁਤ ਘੱਟ ਲੱਭਦੀ ਸੀ। ਹੁਣ ਮੋੜਾ ਪਿਆ ਹੈ ਅਤੇ ਡੇਰੇ ਦੇ ਅਖ਼ਬਾਰ ’ਚ ‘ਝਾੜੂ’ ਨੂੰ ਅਹਿਮ ਥਾਂ ਮਿਲਣ ਲੱਗੀ ਹੈ। ਇਸ ਅਖਬਾਰ ’ਚ ਤਾਂ ਦਿੱਲੀ ਸਰਕਾਰ ਦੇ ਵੱਡੇ ਵੱਡੇ ਇਸ਼ਤਿਹਾਰ ਵੀ ਛਪ ਰਹੇ ਹਨ। ਡੇਰਾ ਮੁਖੀ ਦੀ ਫਰਲ੍ਹੋ ਸਬੰਧੀ ਸਵਾਲ ਨੂੂੰ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ‘ਕਾਨੂੰਨੀ ਮਾਮਲਾ ਦੱਸਕੇ ਪੱਲਾ ਝਾੜ ਲਿਆ ਸੀ ਜੋ ਬਦਲੇ ਦਿਨਾਂ ਦਾ ਸੰਕੇਤ ਹੈ। ਦੂਜੇ ਪਾਸੇ ਬੇਅਦਬੀ ਦੇ ਮਾਮਲੇ ਮਗਰੋਂ ਤਾਂ ਕਾਂਗਰਸ ਨੇ ਤਾਂ ਸ਼ਰੇਆਮ ਹੀ ਡੇਰੇ ਦੇ ਖ਼ਿਲਾਫ਼ ਮੋਰਚਾ ਖੋਹਲਿਆ ਹੈ ਜਦੋਂਕਿ ਅਕਾਲੀ ਦਲ ਦੇ ਆਗੂ ਦਬੀ ਜ਼ੁਬਾਨ ਵਿਚ ਬੋਲਦੇ ਹਨ। ਇਹੋ ਕਾਰਨ ਹੈ ਕਿ ਡੇਰੇ ਦਾ ਸਿਆਸੀ ਵਿੰਗ ਹੁਣ ਹਰ ਕਦਮ ਫੂਕ ਫੂਕ ਕੇ ਰੱਖਣ ਲੱਗਿਆ ਹੈ। ਡੇਰਾ ਪੈਰੋਕਾਰਾਂ ’ਚ ਇਹ ਚਰਚਾ ਵੀ ਭਾਰੂ ਹੈ ਕਿ ਸਾਲ 2017 ’ਚ ਡੇਰਾ ਮੁਖੀ ਨੂੰ ਹੋਈ ਸ਼ਜ਼ਾ ਮਗਰੋਂ ਡੇਰਾ ਪ੍ਰਬੰਧਕਾਂ ਨੇ ਹਰ ਸਿਆਸੀ ਧਿਰ ਨਾਲ ਰਾਬਤਾ ਬਣਾਇਆ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ ਇਸ ਲਈ ਹੁਣ ਸੰਭਲ ਕੇ ਚੱਲਣ ਦੀ ਲੋੜ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਦੀ ਹਰੇਕ ਚੋਣ ’ਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਪੰਜਾਬ ’ਚ ਹੋਰ ਵੀ ਡੇਰੇ ਹਨ ਪਰ ਡੇਰਾ ਸਿਰਸਾ ਦਾ ਮਾਲਵੇ ਦੀਆਂ 40 ਤੋਂ ਵੱਧ ਸੀਟਾਂ ਤੇ ਦਬਦਬਾ ਹੈ। ਵੱਡੀ ਗਿਣਤੀ ਸਿਆਸੀ ਧਿਰਾਂ ਸਿੱਧੇ ਜਾਂ ਅਸਿੱਧੇ ਰੂਪ ’ਚ ਡੇਰੇ ਨਾਲ ਸੰਪਰਕ ’ਚ ਦੱਸੀਆਂ ਜਾ ਰਹੀਆਂ ਹਨ
ਵੋਟਾਂ ਤੋਂ ਦੋ ਦਿਨ ਪਹਿਲਾਂ ਫੈਸਲਾ:ਸਿਆਸੀ ਵਿੰਗ
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਵੱਲੋਂ ਵੋਟਾਂ ਤੋਂ ਦੋ ਦਿਨ ਪਹਿਲਾਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡੇਰਾ ਪੈਰੋਕਾਰਾਂ ਦੀ ਸਲਾਹ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤਮ ਗੇੜ ’ਚ ਕਿਸੇ ਵੀ ਤਰਾਂ ਦਾ ਫੈਸਲਾ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਚੋਣਾਂ ’ਚ ਦਖਲ ਨਹੀਂ ਦਿੰਦੇ ਸਿਰਫ ਪੈਰੋਕਾਰ ਹੀ ਅਜਿਹੇ ਫੈਸਲੇ ਲੈਂਦੇ ਹਨ।

Related posts

ਪਟਨਾ ‘ਚ ਮੁੱਖ ਮੰਤਰੀ ਚੰਨੀ ਖਿਲਾਫ ਐੱਫਆਈਆਰ ਦਰਜ

Sanjhi Khabar

ਪੰਜਾਬ ਦੇ 81 ਫੀਸਦੀ ਨਮੂਨਿਆਂ ਵਿੱਚ ਯੂ.ਕੇ. ਦਾ ਵਾਇਰਸ ਪਾਏ ਜਾਣ ਮਗਰੋਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਟੀਕਾਕਰਨ ਦੇ ਦਾਇਰੇ ਵਿੱਚ ਨੌਜਵਾਨ ਵਸੋਂ ਨੂੰ ਵੀ ਸ਼ਾਮਲ ਕਰਨ ਲਈ ਆਖਿਆ

Sanjhi Khabar

ਕੈਪਟਨ ਨੂੰ ਹਾਈ ਕਮਾਂਡ ਨੇ ਵਾਅਦੇ ਪੂਰੇ ਕਰਨ ਲਈ ਦਿੱਤੀ ਡੈਡਲਾਈਨ-ਹਰੀਸ਼ ਰਾਵਤ

Sanjhi Khabar

Leave a Comment