15.4 C
Los Angeles
May 19, 2024
Sanjhi Khabar
Agriculture Amritsar Barnala Bathinda Chandigarh Mansa New Delhi Politics

1 ਅਪ੍ਰੈਲ ਤੋਂ ਪੰਜਾਬ ਦੇ ਕਿਸੇ ਕਿਸਾਨ-ਮਜ਼ਦੂਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ-ਅਰਵਿੰਦ ਕੇਜਰੀਵਾਲ

PS Mitha

ਮਾਨਸਾ/ ਬਠਿੰਡਾ/ ਚੰਡੀਗੜ੍ਹ,  28 ਅਕਤੂਬਰ : ਆਮ ਆਦਮੀ ਪਾਰਟੀ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਅਤੇ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਗੁਲਾਬੀ ਸੁੰਡੀ, ਮੀਂਹ-ਝੱਖੜ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫ਼ਸਲਾਂ ਕਾਰਨ ਨਿਰਾਸ਼ਾ ਦੇ ਆਲਮ ‘ਚ ਆ ਕੇ ਖ਼ੁਦਕੁਸ਼ੀ ਵਰਗਾ ਕੋਈ ਵੀ ਗ਼ਲਤ ਕਦਮ ਨਾ ਚੁੱਕਿਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਜੇਕਰ ਮੌਜੂਦਾ ਚੰਨੀ ਸਰਕਾਰ ਲਾਗਤ ਖ਼ਰਚਿਆਂ ਅਨੁਸਾਰ ਢੁਕਵਾਂ ਮੁਆਵਜ਼ਾ ਦੇਣ ‘ਚ ਅਸਫਲ ਰਹਿੰਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 30 ਅਪ੍ਰੈਲ 2022 ਤੱਕ ਬਣਦਾ ਮੁਆਵਜ਼ਾ ਦੇਵੇਗੀ।
ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਮਾਨਸਾ ਵਿੱਚ ‘ਕਿਸਾਨਾਂ ਨਾਲ ਕੇਜਰੀਵਾਲ ਦੀ ਗੱਲਬਾਤ’ ਪ੍ਰੋਗਰਾਮ ‘ਚ ਕਿਸਾਨਾਂ ਦੇ ਰੂਬਰੂ ਸਨ। ਇਸ ਮੌਕੇ ਉਨ੍ਹਾਂ ਨਾਲ ਮੰਚ ‘ਤੇ ਸੰਸਦ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਮੌਜੂਦ ਸਨ। ਜਦਕਿ ਮੰਚ ਦਾ ਸੰਚਾਲਨ ਪ੍ਰੋ. ਬਲਜਿੰਦਰ ਕੌਰ ਨੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਟਿਕੱਰੀ ਬਾਰਡਰ ‘ਤੇ ਵਾਪਰੇ ਹਾਦਸੇ ‘ਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲਪੁਰਾ (ਮਾਨਸਾ) ਦੀਆਂ 3 ਬੀਬੀਆਂ ਨੂੰ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਕੇ ਕੀਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ, ”ਪਹਿਲੀ ਅਪ੍ਰੈਲ 2021 ਤੋਂ ਬਾਅਦ ਪੰਜਾਬ ਦੇ ਵੀ ਕਿਸਾਨ-ਕਿਰਤੀ ਅਤੇ ਮਜ਼ਦੂਰ ਫ਼ਸਲਾਂ ਦੇ ਖ਼ਰਾਬੇ ਕਾਰਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਹੀਂ ਹੋਣਗੇ।
ਇਹ ਮੇਰਾ (ਕੇਜਰੀਵਾਲ) ਦਾ ਵਾਅਦਾ ਹੈ ਅਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ। 30 ਅਪ੍ਰੈਲ 2022 ਤੱਕ ਹਰੇਕ ਪ੍ਰਭਾਵਿਤ ਕਿਸਾਨ ਅਤੇ ਮਜ਼ਦੂਰ ਦੇ ਖਾਤੇ ‘ਚ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪਹੁੰਚੇ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ, ”ਜਦੋਂ ਕੋਈ ਵੀ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ, ਪਰ ਹੋਰਨਾਂ ਪਾਰਟੀਆਂ ਤੇ ਆਗੂਆਂ ਨੂੰ ਕੋਈ ਦੁੱਖ ਨਹੀਂ ਹੁੰਦਾ। ਜੇਕਰ ਐਨੀ ਸੰਵੇਦਨਾ ਇਨ੍ਹਾਂ ਲੀਡਰਾਂ ‘ਚ ਹੁੰਦੀ ਤਾਂ ਦੇਸ਼ ਦਾ ਕਿਸਾਨ, ਖੇਤ ਮਜ਼ਦੂਰ ਅਤੇ ਖੇਤੀਬਾੜੀ ‘ਤੇ ਨਿਰਭਰ ਸਾਰੇ ਕੰਮ -ਧੰਦੇ ਅਤੇ ਕਾਰੋਬਾਰ ਅਜਿਹੇ ਸੰਕਟਾਂ ਦਾ ਸਾਹਮਣਾ ਨਾ ਕਰਦੇ ਹੁੰਦੇ।”
ਉਨ੍ਹਾਂ ਦੱਸਿਆ ਕਿ ਜਦੋਂ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉੱਥੇ ਵੀ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਸਨ। ‘ਆਪ’ ਦੀ ਸਰਕਾਰ ਨੇ ਕਿਸਾਨਾਂ ਦੀ ਲਾਗਤ 18 ਹਜ਼ਾਰ ਤੋਂ ਜ਼ਿਆਦਾ 20 ਹਜ਼ਾਰ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਸੀ। ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਖੇਤਾਂ ਵਿੱਚ ਜਾ ਕੇ ਫ਼ੋਟੋਆਂ ਜ਼ਰੂਰ ਖਿਚਵਾ ਲਈ ਅਤੇ ਬੱਸਾਂ ‘ਤੇ ਵੀ ਲਾ ਲਈਆਂ, ਪਰ ਕਿਸਾਨਾਂ ਨੂੰ ਨਾ ਗੁਲਾਬੀ ਸੁੰਡੀ ਅਤੇ ਨਾ ਹੀ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਕੋਈ ਮੁਆਵਜ਼ਾ ਮਿਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਨਕਲ ਕਰਨਾ ਸੋਖੀ ਹੈ ਪਰ ਅਮਲ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਪੰਜਾਬ ਦੇ ਲੋਕ ਨਕਲ ਕਰਨ ਵਾਲਿਆਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਦੇ ਸਾਹਮਣੇ ਉਰੀਜਨਲ (ਅਸਲੀ) ਕੇਜਰੀਵਾਲ ਖੜ੍ਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ 30 ਅਪ੍ਰੈਲ ਤੱਕ ਸਾਰੇ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ‘ਚ ਮੁਆਵਜ਼ਾ ਪਹੁੰਚ ਜਾਵੇਗਾ। ਸਿਰਫ਼ ਕਿਸਾਨ ਹੀ ਨਹੀਂ ਖੇਤ ਮਜ਼ਦੂਰਾਂ ਨੂੰ ਵੀ ਉਚਿੱਤ ਮੁਆਵਜ਼ਾ ਦਿੱਤਾ ਜਾਵੇਗਾ। ਮੁਆਵਜ਼ਾ ਕਿੰਨਾ ਹੋਵੇ ਇਸ ਬਾਰੇ ਕਿਸਾਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇਗੀ ਅਤੇ ਲਾਗਤ ਖ਼ਰਚਿਆਂ ਦੇ ਆਧਾਰ ‘ਤੇ ਹੀ ਮੁਆਵਜ਼ੇ ਦੀ ਰਾਸ਼ੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੇਵਲ ਐਲਾਨ ਨਹੀਂ ਕਰਦਾ, ਸਗੋਂ ਕੰਮ ਕਰਕੇ ਦਿਖਾਉਂਦਾ ਹੈ ਕਿਉਂਕਿ ਦਿੱਲੀ ਵਿੱਚ ਚੰਗੇ ਸਕੂਲ, ਸਿੱਖਿਆ, ਹਸਪਤਾਲ ਅਤੇ ਇਲਾਜ ਦਾ ਪ੍ਰਬੰਧ ਕਰਕੇ ਦਿਖਾਇਆ ਹੈ।
ਕੇਜਰੀਵਾਲ ਨੇ ਕਿਹਾ, ”ਨਕਲੀ ਦੁੱਧ, ਪਸ਼ੂਆਂ ਦਾ ਬੀਮਾ ਅਤੇ ਪਰਾਲੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਪਰਾਲੀ ਤੋਂ ਬਿਜਲੀ, ਗੱਤਾ ਅਤੇ ਖੇਤੀ ਆਧਾਰ ਉਦਯੋਗ ਅਤੇ ਡੀ.ਏ.ਪੀ ਖਾਦ ਦੇ ਕਾਰਖ਼ਾਨੇ ਲਾਏ ਜਾਣਗੇ, ਜਿਨ੍ਹਾਂ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਖੇਤੀਬਾੜੀ ਅਤੇ ਸਾਰੇ ਸੰਬੰਧਿਤ ਧੰਦਿਆਂ ਨੂੰ ਲਾਭਕਾਰੀ ਬਣਾਇਆ ਜਾਵੇਗਾ।”
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਖੇਤੀਬਾੜੀ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ੇਸ਼ ਯੋਜਨਾ ਬਣਾ ਰਹੀ ਹੈ, ਜਿਸ ਦਾ ਐਲਾਨ ਉਨ੍ਹਾਂ (ਕੇਜਰੀਵਾਲ) ਵੱਲੋਂ ਅਗਲੇ ਮਹੀਨੇ ਕੀਤਾ ਜਾਵੇਗਾ
ਇਸ ਮੌਕੇ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ‘ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਗੱਲਬਾਤ’ ਪ੍ਰੋਗਰਾਮ ਨਾ ਕੋਈ ਸਿਆਸੀ ਰੈਲੀ ਹੈ ਅਤੇ ਨਾ ਹੀ ਕੋਈ ਸਿਆਸੀ ਸ਼ਕਤੀ ਪ੍ਰਦਰਸ਼ਨ ਹੈ। ਮਾਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਿਸਾਨਾਂ-ਖੇਤ ਮਜ਼ਦੂਰਾਂ ਅਤੇ ਖੇਤੀਬਾੜੀ ਨੂੰ ਦਰਪੇਸ਼ ਸੰਕਟਾਂ ਅਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਸੁਝਾਅ ਇਕੱਠੇ ਕਰਨ ਦਾ ਇੱਕ ਗੰਭੀਰ ਉਪਰਾਲਾ ਹੈ। ਜਿਸ ਦੇ ਆਧਾਰ ‘ਤੇ ਪਾਰਟੀ ਆਪਣਾ ਚੋਣ ਮੈਨੀਫੈਸਟੋ ਤਿਆਰ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਅਤੇ ਦੂਜੀਆਂ ਪਾਰਟੀਆਂ ‘ਚ ਇਹੋ ਫ਼ਰਕ ਹੈ ਕਿ ਰਿਵਾਇਤੀ ਦਲਾਂ ਦੇ ਆਗੂ ਜਨਤਾ ਨੂੰ ਸਿਰਫ਼ ਆਪਣੇ ਮਨ ਦੀ ਗੱਲ ਸੁਣਾਉਣ ਲਈ ਆਉਂਦੇ ਹਨ। ਜਦਕਿ ਆਮ ਆਦਮੀ ਪਾਰਟੀ ਤੁਹਾਡੀ (ਜਨਤਾ) ਦੀ ਗੱਲ ਸੁਣਨ ਤੁਹਾਡੇ ਦਰ ‘ਤੇ ਆਈ ਹੈ ਤਾਂ ਕਿ ਤੁਹਾਡੀਆਂ ਮੁਸ਼ਕਲਾਂ ਅਤੇ ਉਨ੍ਹਾਂ ਲਈ ਸੁਝਾਏ ਹੱਲਾਂ ਦੇ ਅਧਾਰ ‘ਤੇ ਪਾਰਟੀ ਆਪਣਾ ਚੋਣ ਮੈਨੀਫੈਸਟੋ ਅਤੇ ਆਪਣੇ ਪਾਲਿਸੀ ਪ੍ਰੋਗਰਾਮ ਤੁਹਾਡੇ ਸਾਹਮਣੇ ਰੱਖੇ ਜਾ ਸਕਣ।
ਮਾਨ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਇਸ ਵਾਰ ਪੰਜਾਬ ਦੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਵੇਰੇ 11 ਵਜੇ ਰੇਲ ਗੱਡੀ ਰਾਹੀਂ ਸੰਗਰੂਰ ਪਹੁੰਚੇ ਅਤੇ ਉਸ ਤੋਂ ਬਾਅਦ ਉਹ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਘਰ ਪੁੱਜੇ, ਜਿੱਥੇ ਕੇਜਰੀਵਾਲ ਦਾ ਪਾਰਟੀ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਕੇਜਰੀਵਾਲ ਨੇ ਭਗਵੰਤ ਮਾਨ ਦੇ ਘਰ ਹੀ ਪਾਰਟੀ ਦੇ ਵਿਧਾਇਕਾਂ ਨਾਲ ਵਿਸ਼ੇਸ਼ ਬੈਠਕ ਵੀ ਕੀਤੀ।

Related posts

ਮੁੱਖ ਮੰਤਰੀ ਵੱਲੋਂ ਮੁਕਤਸਰ ਧਰਨੇ ਦੀਆਂ ਮੰਗਾਂ ਪ੍ਰਵਾਨ

Sanjhi Khabar

ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭੈਣ ਨੇ ਹੀ ਪ੍ਰੇਮੀ ਹੱਥੋਂ ਕਰਵਾਇਆ ਭਰਾ ਦਾ ਕਤਲ

Sanjhi Khabar

ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁਕਰਨ ਦੇ ਯਤਨਾਂ ਵਿਚ ਸੂਬੇ ਵਿਚ ਨਸ਼ਾ ਖਤਮ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਫੇਲ੍ਹ ਹੋਣ ਗੱਲ ਕਬੂਲਣ ਮਗਰੋਂ ਮੁੱਖ ਮੰਤਰੀ ਨੈਤਿਕ ਆਧਾਰ ’ਤੇ ਅਸਤੀਫਾ ਦੇਣ : ਅਕਾਲੀ ਦਲ

Sanjhi Khabar

Leave a Comment