20 C
Los Angeles
May 19, 2024
Sanjhi Khabar
Chandigarh Crime News Politics

ਤਿਉਹਾਰਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ 30 ਸਤੰਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ

Parmeet Singh/ Sukhwinder Bunty
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਮੌਜੂਦਾ ਕੋਵਿਡ ਪਾਬੰਦੀਆਂ ਵਿੱਚ 30 ਸਤੰਬਰ ਤੱਕ ਵਾਧਾ ਕੀਤੇ ਜਾਣ ਦੇ ਹੁਕਮ ਦੇ ਦਿੱਤੇ ਹਨ ਅਤੇ ਸਾਰੇ ਇਕੱਠਾਂ, ਸਿਆਸੀ ਇਕੱਠਾਂ ਸਮੇਤ, ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੈਅ ਕਰ ਦਿੱਤੀ ਹੈ। ਇਸ ਨਾਲ ਹੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਸਮੂਹ ਪ੍ਰਬੰਧਕਾਂ, ਸਿਆਸੀ ਧਿਰਾਂ ਸਮੇਤ, ਲਈ ਇਹ ਲਾਜ਼ਮੀ ਕਰਾਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਮੌਕੇ ਲਾਏ ਜਾਣ ਵਾਲੇ ਖਾਨੇ ਦੇ ਸਟਾਲਾਂ ਆਦਿ ਵਿਖੇ ਤਾਇਨਾਤ ਸਟਾਫ, ਮੈਨੇਜਮੈਂਟ ਅਤੇ ਸ਼ਿਰਕਤ ਕਰਨ ਵਾਲਿਆਂ ਨੇ ਪੂਰਨ ਤੌਰ ‘ਤੇ ਟੀਕਾਕਰਨ ਕਰਵਾਇਆ ਹੋਵੇ ਜਾਂ ਘੱਟੋ-ਘੱਟ ਇੱਕ ਟੀਕਾ ਲਗਵਾਇਆ ਹੋਵੇ।

ਤਿਉਹਾਰਾਂ ਨੂੰ ਵੇਖਦੇ ਹੋਏ ਲਗਾਤਾਰ ਚੌਕਸੀ ਰੱਖਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਸ ਸਬੰਧ ਵਿਚ ਮਿਸਾਲ ਪੇਸ਼ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਪਾਬੰਦੀਆਂ ਦੀ ਪਾਲਣਾ ਸਭਨਾਂ ਦੁਆਰਾ ਯਕੀਨੀ ਬਣਾਈ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲ੍ਹੇ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਸੰਯੁਕਤ ਫਲਾਇੰਗ ਸਕੁਐਡ ਕਾਇਮ ਕਰਕੇ ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿਚ ਸਖ਼ਤੀ ਨਾਲ ਪਾਬੰਦੀਆਂ ਲਾਗੂ ਕਰਵਾਉਣੀਆਂ ਯਕੀਨੀ ਬਣਾਇਆ ਜਾਵੇ।
ਇੱਕ ਉੱਚ ਪੱਧਰੀ ਕੋਵਿਡ ਸਮੀਖਿਆ ਦੀ ਵਰਚੁਅਲ ਤੌਰ ‘ਤੇ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਇਸੇ ਮਹੀਨੇ ਆਂਗਨਵਾੜੀ ਕੇਂਦਰ ਖੋਲ੍ਹਣ ਦੀ ਤਿਆਰੀ ਕਰਨ ਲਈ ਕਿਹਾ ਜਿਸ ਨਾਲ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਨ੍ਹਾਂ ਕੇਂਦਰਾਂ ਦਾ ਖੁੱਲ੍ਹਣਾ ਸਟਾਫ ਦੇ ਟੀਕਾਕਰਨ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਉੱਤੇ ਨਿਰਭਰ ਕਰੇਗਾ, ਜੋ ਕਿ ਸਿਹਤ ਵਿਭਾਗ ਨਾਲ ਸਾਂਝੇ ਤੌਰ ‘ਤੇ ਤੈਅ ਕੀਤੇ ਜਾਣਗੇ।

ਕੋਵਿਡ ਟੈਸਟਿੰਗ ਸਮਰੱਥਾ 50 ਹਜ਼ਾਰ ਕਰਨ ਦੇ ਹੁਕਮ
ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿੱਤੇ ਕਿ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਦੇ ਹੋਏ ਇਸ ਨੂੰ ਮੌਜੂਦਾ 45 ਹਜ਼ਾਰ ਪ੍ਰਤੀ ਦਿਨ ਤੋਂ ਵਧਾ ਕੇ ਘੱਟੋ-ਘੱਟ 50 ਹਜ਼ਾਰ ਪ੍ਰਤੀ ਦਿਨ ਕੀਤਾ ਜਾਵੇ ਤਾਂ ਜੋ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਸਬੰਧੀ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਸਕਣ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿਚ ਹੁਣ ਸਥਾਨਕ ਪਾਬੰਦੀਆਂ ਸਬੰਧੀ ਇੱਕ ਸਵੈਚਾਲਿਤ ਪ੍ਰਣਾਲੀ, ਜੀ.ਆਈ.ਐਸ ਅਧਾਰਿਤ ਨਜ਼ਰਸਾਨੀ ਅਤੇ ਰੋਕਥਾਮ ਪ੍ਰਬੰਧਨ ਲਾਗੂ ਹੋ ਚੁੱਕਿਆ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਇਹ ਦਿਸ਼ਾ ਨਿਰਦੇਸ਼ ਵੀ ਦਿੱਤੇ ਕਿ ਇਸ ਪ੍ਰਣਾਲੀ ਦੀ ਸਹਾਇਤਾ ਨਾਲ ਮਾਈਕਰੋ ਕੰਟੇਨਮੈਂਟ ਸਬੰਧੀ ਕਦਮ ਉਨ੍ਹਾਂ ਇਲਾਕਿਆਂ/ਮੁਹੱਲਿਆਂ ਵਿਚ ਚੁੱਕੇ ਜਾਣ ਜਿੱਥੇ ਕਿ ਕੇਸਾਂ ਜਾਂ ਮਾਮਲਿਆਂ ਦੀ ਗਿਣਤੀ ਪੰਜ ਤੋਂ ਵੱਧ ਹੈ।

ਸੂਬੇ ਦੀ ਕੋਵਿਡ ਮਾਹਿਰ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਦੇ ਇਸ ਮੌਕੇ ਕਿਹਾ ਕਿ ਮੌਜੂਦਾ ਸਮੇਂ ਹਾਲਾਂਕਿ ਹਾਲਾਤ ਕਾਬੂ ਵਿਚ ਹਨ ਪਰ ਤੀਸਰੀ ਲਹਿਰ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਅਪੀਲ ਕੀਤੀ ਕਿ ਸਾਰੇ ਧਾਰਮਿਕ ਸੰਗਠਨਾਂ ਨੂੰ ਕਿਹਾ ਜਾਵੇ ਕਿ ਉਹ ਮੰਦਰਾਂ ਅਤੇ ਗੁਰਦੁਆਰਿਆਂ ਤੋਂ ਨਿਯਮਿਤ ਤੌਰ ‘ਤੇ ਮਾਸਕ ਪਾਉਣ ਸਬੰਧੀ ਐਲਾਨ ਕਰਨ।
ਮੁੱਖ ਮੰਤਰੀ ਨੇ ਇਸ ਗੱਲ ਉਤੇ ਗੌਰ ਕਰਦੇ ਹੋਏ ਕਿ ਮਿਊਕੋਰਮਾਇਕੋਸਿਸ ਦੇ ਕੇਸਾਂ ਵਿੱਚ ਭਾਰੀ ਕਮੀ ਆਈ ਹੈ ਅਤੇ ਬੀਤੇ ਹਫ਼ਤੇ ਸਿਰਫ ਇੱਕ ਮਾਮਲਾ ਸਾਹਮਣੇ ਆਇਆ ਹੈ, ਇਹ ਤਸੱਲੀ ਜ਼ਾਹਰ ਕੀਤੀ ਕਿ ਪੰਜਾਬ ਕਈ ਹੋਰ ਸੂਬਿਆਂ ਜਿਵੇਂ ਕਿ ਹਰਿਆਣਾ ਦੇ ਮੁਕਾਬਲੇ ਠੀਕ ਹੋਏ ਲੋਕਾਂ ਦੀ ਗਿਣਤੀ ਪੱਖੋਂ ਕਾਫੀ ਅੱਗੇ ਹੈ। ਸੂਬੇ ਦੇ ਸਿਹਤ ਸਕੱਤਰ ਆਲੋਕ ਸ਼ੇਖਰ ਨੇ ਮੀਟਿੰਗ ਵਿਚ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਓਵਰਆਲ ਪਾਜ਼ੇਟੀਵਿਟੀ ਦਰ ਸਤੰਬਰ 1 ਤੋਂ 9 ਤੱਕ ਮਹਿਜ਼ 0.1 ਫੀਸਦੀ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਵੱਖੋ-ਵੱਖ ਪ੍ਰਕਾਰਾਂ ਸਬੰਧੀ ਐਨ.ਸੀ.ਡੀ.ਸੀ. ਨੂੰ ਭੇਜੀ ਗਈ ਮਹੀਨਾਵਾਰ ਜੀਨੋਮ ਅਨੁਕ੍ਰਮਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਦਾ ਡੈਲਟਾ ਪ੍ਰਕਾਰ ਉਭਰ ਕੇ ਸਾਹਮਣੇ ਆ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਵਿਖੇ ਪੀ.ਏ.ਟੀ.ਐਚ. ਨਾਲ ਮਿਲ ਕੇ ਸਥਾਪਤ ਕੀਤੀ ਜੀਨੋਮ ਸੀਕੁਐਂਸਿੰਗ ਲੈਬ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ 67 ਨਮੂਨੇ ਪਹਿਲਾਂ ਹੀ ਜਾਂਚ ਕੀਤੇ ਜਾ ਚੁੱਕੇ ਹਨ ਅਤੇ ਕੋਈ ਵੀ ਨਵਾਂ ਪ੍ਰਕਾਰ ਸਾਹਮਣੇ ਨਹੀਂ ਆਇਆ।

Related posts

 ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਿਨਾਹ

Sanjhi Khabar

ਪਟਵਾਰੀ ਭਰਤੀ ਪ੍ਰੀਖਿਆ ‘ਚ ਧੋਖਾਧੜੀ ਦਾ ਪਰਦਾਫ਼ਾਸ਼; ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਤੋਂ ਲੁੱਟੇ ਕਰੋੜਾਂ

Sanjhi Khabar

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ

Sanjhi Khabar

Leave a Comment