ਜ਼ੀਰਕਪੁਰ, 26 ਸਤੰਬਰ (ਜੇ.ਐਸ.ਕਲੇਰ) ਜ਼ੀਰਕਪੁਰ ਪੁਲਿਸ ਦੀ ਟੀਮ ਨੇ ਵੀਆਈਪੀ ਰੋਡ ’ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਦੀ ਟੀਮ ਵੀਆਈਪੀ ਰੋਡ ’ਤੇ ਡੋਮੀਨੋਜ ਚੌਂਕ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜ਼ੀਰਕਪੁਰ ਵਾਲੇ ਪਾਸਿਓਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਟੀਮ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁੜਿਆ ਅਤੇ ਵਾਪਸ ਜਾਣ ਲੱਗਾ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਪੁਲਿਸ ਨੂੰ ਉਕਤ ਨੌਜਵਾਨ ਨੇ ਆਪਣੀ ਪਹਿਚਾਣ ਨਿਕੇਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਮਕਾਨ ਨੰਬਰ 302 ਬਲਾਕ ਐਫ ਮੋਨਾ ਗ੍ਰੀਨ ਸੋਸਾਇਟੀ ਵਜੋਂ ਦੱਸੀ ਹੈ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜ਼ੀਰਕਪੁਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।