Sanjhi Khabar
Chandigarh Politics

ਮੁੱਖ ਮੰਤਰੀ ਵੱਲੋਂ ਖੇਤੀਬਾੜੀ ਨੂੰ ਸਥਿਰ ਬਣਾਉਣ ਅਤੇ ਕਿਸਾਨੀ ਦੀ ਖੁਸ਼ਹਾਲੀ ਦੀ ਲੋੜ ’ਤੇ ਜੋਰ

Raj Verma
ਚੰਡੀਗੜ੍ਹ, 11 ਜੂਨ :-‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਮਿਸ਼ਨ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਿਚ ਨਿਰੰਤਰ ਆਧਾਰ ਉਤੇ ਸੁਧਾਰ ਲਿਆਉਣ ਅਤੇ ਭਵਿੱਖ ਲਈ ਵਾਤਾਵਰਣ ਸੰਤੁਲਨ ਨੂੰ ਸਲਾਮਤ ਰੱਖਣ ਦੀ ਲੋੜ ਉਤੇ ਜੋਰ ਦਿੱਤਾ ਹੈ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਲਈ 3780 ਕਰੋੜ ਦੀ ਲਾਗਤ ਨਾਲ ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।

ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਤੇ ਜਲ ਸੰਭਾਲ ਵਿਭਾਗਾਂ ਦੇ ਕੰਮਕਾਜ ਦਾ ਵਰਚੂਅਲ ਤੌਰ ਉਤੇ ਜਾਇਜਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਖੇਤੀਬਾੜੀ ਦਾ ਮਹਿਕਮਾ ਵੀ ਹੈ, ਨੇ ਖੇਤੀਬਾੜੀ ਸੈਕਟਰ ਵਿਚ ਵੱਖ-ਵੱਖ ਸਰਕਾਰੀ ਸਕੀਮਾਂ ਨੂੰ ਜੋੜਨ ਦੀ ਮਹੱਤਤਾ ਉਤੇ ਜੋਰ ਦਿੱਤਾ ਤਾਂ ਕਿ ਕਿਸਾਨਾਂ ਨੂੰ ਪੂਰਾ ਫਾਇਦਾ ਮਿਲ ਸਕੇ।

ਰਵਾਇਤੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਉਤੇ ਅਸਰ ਪੈਣ ’ਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਬਾਗਬਾਨੀ ਵਿਭਾਗ ਨੂੰ ਮੌਜੂਦਾ ਸਿਟਰਸ ਅਸਟੇਟਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਖਿਆ ਤਾਂ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਵੱਡੀ ਪੱਧਰ ਉਤੇ ਫਲਾਂ ਦਾ ਉਤਪਾਦਨ ਕਰਨ ਲਈ ਢੁਕਵੀਂ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਨੂੰ, ਅਮਰੂਦ, ਲੀਚੀ ਵਰਗੀਆਂ ਵੱਧ ਕੀਮਤ ਵਾਲੀਆਂ ਬਾਗਬਾਨੀ ਫਸਲਾਂ ਦੇ ਉਤਪਾਦਨ ਨਾਲ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵੱਲ ਮੋੜਿਆ ਜਾ ਸਕੇਗਾ। ਇਸੇ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਾਂਝੇ ਤੌਰ ਉਤੇ ਕਿਸਾਨਾਂ ਲਈ ਪਾਸਾਰ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਲਈ ਆਖਿਆ ਤਾਂ ਕਿ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਦੇ ਹਿੱਸੇ ਵਜੋਂ ਸਬਜੀਆਂ ਦੇ ਉਤਪਾਦਨ ਲਈ ਉਤਸ਼ਾਹਤ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਵਿਗਿਆਨੀਆਂ, ਮਾਹਿਰਾਂ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਦੇ ਵਫ਼ਦ ਨੂੰ ਖੇਤੀਬਾੜੀ ਵਿਕਾਸ ਅਤੇ ਜਲ ਪ੍ਰਬੰਧਨ ਦੇ ਮਾਡਲ ਦਾ ਅਧਿਐਨ ਕਰਨ ਲਈ ਇਜ਼ਰਾਈਲ ਭੇਜਣ ਦੇ ਆਦੇਸ਼ ਦਿੱਤੇ ਕਿਉਂ ਜੋ ਉਥੋਂ ਦੀਆਂ ਜਲਵਾਯੂ ਪ੍ਰਸਥਿਤੀਆਂ ਵੀ ਪੰਜਾਬ ਵਰਗੀਆਂ ਹੀ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨਾਲੋਜੀ ਨੂੰ ਪ੍ਰਫੁੱਲਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿਉਂ ਜੋ ਇਸ ਵਿਧੀ ਨਾਲ ਸਿੰਜਾਈ ਪਾਣੀ ਨੂੰ ਬਚਾਉਣ ਤੋਂ ਇਲਾਵਾ ਪਰਵਾਸੀਆਂ ਦੇ ਮੁੜਨ ਨਾਲ ਮਜ਼ਦੂਰਾਂ ਦੀ ਕਮੀ ਦੀ ਘਾਟ ਨਾਲ ਨਿਪਟਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਉਮੀਦ ਜਾਹਰ ਕੀਤੀ ਕਿ ਵਿਭਾਗ ਵੱਲੋਂ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਸਿੱਧੀ ਬਿਜਾਈ ਹੇਠ ਇਕ ਮਿਲੀਅਨ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਸਫਲਤਾਪੂਰਵਕ ਪੂਰਾ ਹੋਵੇਗਾ।

ਬਾਸਮਤੀ ਵਿਚ ਕੀਟਨਾਸ਼ਕਾਂ ਦੀ ਗੁਜਾਇੰਸ਼ ਦੀ ਰੋਕਥਾਮ ਲਈ ਬਾਸਮਤੀ ਉਤਪਾਦਕਾਂ ਦਰਮਿਆਨ ਜਾਗਰੂਕਤਾ ਲਿਆਉਣ ਦੀ ਮਹੱਤਤਾ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਵਿਆਪਕ ਮੁਹਿੰਮ ਚਲਾਉਣ ਲਈ ਆਪਣੇ ਯਤਨ ਤੇਜ਼ ਕਰਨ ਲਈ ਕਿਹਾ ਤਾਂ ਕਿ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਸੁਰੱਖਿਅਤ ਅਤੇ ਢੁਕਵੀਂ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਬਾਸਮਤੀ ਦੀ ਗੁਣਵੱਤਾ ਵਿਚ ਵਰਨਣਯੋਗ ਸੁਧਾਰ ਹੋਵੇਗਾ ਜਿਸ ਨਾਲ ਇਸ ਦੀ ਬਰਾਮਦ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਵਿਕਾਸ ਨੂੰ ਬਾਸਮਤੀ ਦੀ ਬਰਾਮਦ ਦੀਆਂ ਖੇਪਾਂ ਵਿਚ ਜਿਨ੍ਹਾਂ ਕੀਟਨਾਸ਼ਕਾਂ ਦੀ ਗੁਜਾਇੰਸ਼ ਪਾਈ ਗਈ ਹੈ, ਉਨ੍ਹਾਂ ਕੀਟਨਾਸ਼ਕਾਂ ਉਤੇ ਤੁਰੰਤ ਪਾਬੰਦੀ ਲਾਉਣ ਲਈ ਭਾਰਤ ਸਰਕਾਰ ਕੋਲ ਮਾਮਲਾ ਉਠਾਇਆ ਜਾਵੇ।

ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਬਿਜਲੀ ਵਿਭਾਗ ਨਾਲ ਸਲਾਹ-ਮਸ਼ਵਰਾ ਕਰਕੇ ‘ਪਾਣੀ ਬਚਾਓ, ਪੈਸਾ ਕਮਾਓ ਸਕੀਮ’ ਦਾ ਦਾਇਰਾ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ ਤਾਂ ਕਿ ਤੇਜੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਹ ਸਕੀਮ ਸਾਲ 2019-21 ਵਿਚ ਪਾਇਲਟ ਪ੍ਰਾਜੈਕਟ ਦੇ ਆਧਾਰ ਉਤੇ ਛੇ ਫੀਡਰਾਂ ਉਤੇ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਕੀਮ ਨਾਲ ਜੁੜੇ 972 ਕਿਸਾਨਾਂ ਨੂੰ 8.19 ਲੱਖ ਰੁਪਏ ਅਦਾ ਕੀਤੇ ਗਏ। ਹੁਣ ਸਕੀਮ ਦਾ ਵਿਸਥਾਰ ਕਰਕੇ 11 ਜਿਲਿਆਂ ਵਿਚ 250 ਫੀਡਰਾਂ ਨੂੰ ਇਸ ਹੇਠ ਲਿਆਂਦਾ ਗਿਆ ਹੈ।

ਪਰਾਲੀ ਸਾੜਨ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਹੀ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪ੍ਰੇਰਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਈ ਜਾਵੇ ਤਾਂ ਕਿ ਹਵਾ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸਾਨਾਂ ਲਈ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਸ਼ੀਨਰੀ ਦੀ ਸੌਖੀ ਪਹੁੰਚ ਅਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਝੋਨੇ ਦੀ ਪਰਾਲੀ ਨਾਲ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ। ਮੁੱਖ ਮੰਤਰੀ ਨੇ ਪਰਾਲੀ ਨਾ ਸਾੜਨ ਦੇ ਇਵਜ਼ ਵਿਚ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਲੋੜ ਉਤੇ ਦਿੱਤਾ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਅਦਾ ਕਰਨਾ ਚਾਹੀਦਾ ਹੈ।

ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਰਾਹੀਂ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਵੱਖ ਵੱਖ ਵਿਕਾਸ ਯੋਜਨਾਵਾਂ ਦਾ ਲਾਭ ਹਰੇਕ ਕਿਸਾਨ ਨੂੰ ਮਿਲੇ ਸਕੇ।

ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਸੁਝਾਅ ਦਿੱਤਾ ਕਿ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਨ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਕਾਰਬਨ ਕ੍ਰੈਡਿਟ ਦਾ ਲਾਭ ਲੈਣ ਵਾਸਤੇ ਇਕ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਸਕੇ ਜਿਨ੍ਹਾਂ ਨੇ ਪਹਿਲਾਂ ਹੀ ਇਨ੍ਹਾਂ ਨਵੀਨ ਤਕਨੀਕਾਂ ਨੂੰ ਅਪਣਾ ਲਿਆ ਹੈ। ਉਨ੍ਹਾਂ ਨੇ ਸ਼ੁਰੂਆਤੀ ਟ੍ਰੇਨਿੰਗ ਅਤੇ ਮਿਡ-ਕਰੀਅਰ ਟ੍ਰੇਨਿੰਗ ਜ਼ਰੀਏ ਖੇਤੀਬਾੜੀ ਵਿਭਾਗ ਦੇ ਸਟਾਫ ਦੇ ਸਮਰੱਥਾ ਨਿਰਮਾਣ ਦੀ ਲੋੜ `ਤੇ ਜ਼ੋਰ ਦਿੱਤਾ।

ਖੇਤੀਬਾੜੀ ਵਿਭਾਗ ਦੀਆਂ ਵੱਡੀਆਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਬਾਰੇ ਸੰਖੇਪ ਪੇਸ਼ਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਵਿਭਾਗ ਦਾ ਧਿਆਨ ਉਤਪਾਦਕਤਾ ਅਤੇ ਉਤਪਾਦਨ ਤੋਂ ਲੈ ਕੇ ਕਿਸਾਨਾਂ ਦੀ ਖੁਸ਼ਹਾਲੀ ਵੱਲ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਛੱਤ ਹੇਠਾਂ ਵਿਸਤਾਰ ਸੇਵਾਵਾਂ ਪ੍ਰਦਾਨ ਕਰਨ ਲਈ ਵਿਭਾਗ ਖੇਤੀਬਾੜੀ ਵਿਕਾਸ ਬਿਊਰੋਜ਼ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਸਬੰਧਤ ਵਿਭਾਗਾਂ ਦੀਆਂ ਗਤੀਵਿਧੀਆਂ ਨੂੰ ਮਿਲਾਉਣ ਦੀ ਤਿਆਰੀ ਵਿੱਚ ਹੈ।

ਇਸ ਤੋਂ ਪਹਿਲਾਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਚੁੱਕੇ ਗਏ ਪ੍ਰਭਾਵੀ ਕਦਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਖੇਤੀਬਾੜੀ ਵਿਭਾਗ ਵੱਲੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਹੀ ਵਰਤੋਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਮੁੱਖ ਮੰਤਰੀ ਨੇ ਬਾਗ਼ਬਾਨੀ ਵਿਭਾਗ ਦੀ ਇੱਕ ਪੁਸਤਕ ਵੀ ਜਾਰੀ ਕੀਤੀ ਜਿਸ ਦਾ ਸਿਰਲੇਖ ‘ਬਾਗਬਾਨੀ, ਕਿਸਾਨਾਂ ਲਈ ਖੁਸ਼ਹਾਲੀ’ ਦਾ ਇੱਕ ਰੋਡ ਮੈਪ ਹੈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਸਕੱਤਰ ਮੰਡੀ ਬੋਰਡ ਰਵੀ ਭਗਤ, ਸਕੱਤਰ ਬਾਗਬਾਨੀ ਗਗਨਦੀਪ ਸਿੰਘ ਬਰਾੜ, ਐਮ.ਡੀ. ਪੰਜਾਬ ਐਗਰੋ ਮਨਜੀਤ ਸਿੰਘ ਬਰਾੜ, ਕਮਿਸ਼ਨਰ ਖੇਤੀਬਾੜੀ ਡਾ. ਬੀ.ਐਸ. ਸਿੱਧੂ, ਪੀ.ਏ.ਯੂ. ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ, ਡਾਇਰੈਕਟਰ ਖੇਤੀਬਾੜੀ ਡਾ. ਐਸ.ਐਸ. ਸਿੱਧੂ, ਡਾਇਰੈਕਟਰ ਬਾਗਬਾਨੀ ਸ਼ੈਲੇਂਦਰ ਕੌਰ ਅਤੇ ਐਮ.ਡੀ. ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਜਸ਼ਨਜੀਤ ਸਿੰਘ ਮੌਜੂਦ ਸਨ।

Related posts

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਾਕਡਾਊਨ ਵਿਰੁੱਧ 87 ਸ਼ਹਿਰਾਂ ‘ਚ ਰੋਸ ਪ੍ਰਦਰਸਨ

Sanjhi Khabar

ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਨੇ ਬੁਲਾਈ ਮੀਟਿੰਗ

Sanjhi Khabar

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ: ਰਮਨ ਬਹਿਲ

Sanjhi Khabar

Leave a Comment